ਬਾਬੇ ਨਾਨਕ ਨਾਲ ‘ਸ਼ਰਾਬ ਪੀਣ ਵਾਲੇ’ ਨੂੰ ਕਵੀ ਦਾ ਦਰਜਾ!

ਖਾਸ ਖ਼ਬਰਾਂ

ਰੋਪੜ: ਬਾਬੇ ਨਾਨਕ ਬਾਰੇ ਕੁੱਝ ਮਹੀਨੇ ਪਹਿਲਾਂ ਅਪਮਾਨਜਨਕ ਕਵਿਤਾ ਲਿਖ ਕੇ ਸਿੱਖਾਂ ਦੀ ਨਾਰਾਜ਼ਗੀ ਮੁਲ ਲੈਣ ਵਾਲਾ ਅਤੇ ਇਸ ਕਾਰੇ ਲਈ ਜੇਲ ਦੀ ਹਵਾ ਖਾਣ ਵਾਲਾ ਅਖੌਤੀ ਕਵੀ ਸੁਰਜੀਤ ਗੱਗ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀਆਂ ਨਜ਼ਰਾਂ ਵਿਚ ਵੱਡਾ ਕਵੀ ਹੈ। ਹੋਰ ਤਾਂ ਹੋਰ, ਕਮਿਸ਼ਨ ਨੇ ਉਸ ਨੂੰ ਅੰਮ੍ਰਿਤਾ ਪ੍ਰੀਤਮ ਤੇ ਪੂਰਨ ਸਿੰਘ ਜਿਹੇ ਪੰਜਾਬੀ ਦੇ ਸਿਰਮੌਰ ਕਵੀਆਂ ਦੇ ਬਰਾਬਰ ਖੜਾ ਕਰ ਦਿਤਾ ਹੈ। 

ਕਮਿਸ਼ਨ ਨੇ ਅਕਤੂਬਰ ਮਹੀਨੇ ਲਏ ਇਮਤਿਹਾਨ ਵਿਚ ਸੁਰਜੀਤ ਗੱਗ ਦੀ ਉਕਤ ਇਤਰਾਜ਼ਯੋਗ ਕਵਿਤਾ ਬਾਰੇ ਸਵਾਲ ਪੁਛਿਆ ਹੈ ਜਿਸ ਕਾਰਨ ਸਿੱਖ ਹਲਕਿਆਂ ਅੰਦਰ ਰੋਸ ਪੈਦਾ ਹੋਣਾ ਸੁਭਾਵਕ ਹੈ। ਸਵਾਲ ਪੁਛਿਆ ਗਿਆ ਹੈ, ‘ਮੈਂ ਤੇ ਨਾਨਕ ਕਵਿਤਾ’ ਕਿਸ ਪੰਜਾਬੀ ਕਵੀ ਵਲੋਂ ਲਿਖੀ ਗਈ ਹੈ? ਇਸ ਸਵਾਲ ਦੇ ਚਾਰ ਜਵਾਬ ਦਿਤੇ ਗਏ ਹਨ ਜਿਨ੍ਹਾਂ ਵਿਚ ਅੰਮ੍ਰਿਤਾ ਪ੍ਰੀਤਮ, ਗਿਆਨੀ ਸੰਤ ਸਿੰਘ ਮਸਕੀਨ, ਪੂਰਨ ਸਿੰਘ, ਸੁਰਜੀਤ ਗੱਗ ਆਦਿ ਦੇ ਨਾਮ ਹਨ ਤੇ ਇਕ ਜਵਾਬ ਚੁਣਨ ਲਈ ਕਿਹਾ ਗਿਆ ਹੈ। 

ਸਿੱਖ ਹਲਕਿਆਂ ਅੰਦਰ ਰੋਸ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਨਾਲ ਅਪਣੀ ਤੁਲਨਾ ਕਰਨ ਵਾਲੇ ਅਤੇ ਸੁੁਪਨੇ ਵਿਚ ਉਸ ਨਾਲ ਬੈਠ ਕੇ ਸ਼ਰਾਬ ਪੀਣ ਦੀ ਗੱਲ ਲਿਖਣ ਵਾਲੇ ਅਖੌਤੀ ਕਵੀ ਦਾ ਏਨੇ ਵਕਾਰੀ ਇਮਤਿਹਾਨ ਵਿਚ ਜ਼ਿਕਰ ਕਰਨਾ ਹੀ ਅਪਣੇ ਆਪ ਵਿਚ ਵਿਵਾਦ ਪੈਦਾ ਕਰਨ ਵਾਲੀ ਗੱਲ ਹੈ। ਕਮਿਸ਼ਨ ਨੇ ਸੌਦਾ ਸਾਧ ਬਾਰੇ ਵੀ ਸਵਾਲ ਪੁਛਿਆ ਹੈ। ਜਿਹੜੇ ਦੋ ਵਿਵਾਦਮਈ ਬੰਦਿਆਂ ਨੇ ਅਪਣੇ ਕਾਰਿਆਂ ਕਾਰਨ ਸਿੱਖਾਂ ਨੂੰ ਨਾਰਾਜ਼ ਕੀਤਾ ਹੈ, ਉਨ੍ਹਾਂ ਬਾਰੇ ਇਮਤਿਹਾਨ ਵਿਚ ਸਵਾਲ ਪੁਛਣੇ ਕਿਸ ਤਰ੍ਹਾਂ ਵਾਜਬ ਹੋ ਸਕਦੇ ਹਨ? 

ਸੁਰਜੀਤ ਗੱਗ ਦੀ ਕਵਿਤਾ ਨੂੰ ਸਿੱਖਾਂ ਨੇ ਹੀ ਨਹੀਂ ਸਗੋਂ ਪੰਜਾਬੀ ਦੇ ਵੱਡੇ ਕਵੀਆਂ ਨੇ ਵੀ ਗ਼ਲਤ ਕਰਾਰ ਦਿਤਾ ਸੀ। ਗੁਰਦਵਾਰਾ ਕੇਸਗੜ੍ਹ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਸੁਰਜੀਤ ਗੱਗ ਵਿਰੁਧ ਪਰਚਾ ਦਰਜ ਕੀਤਾ ਗਿਆ ਸੀ ਤੇ ਉਹ ਕਈ ਦਿਨ ਜੇਲ ਕੱਟ ਕੇ ਪਿਛਲੇ ਦਿਨੀਂ ਹੀ ਬਾਹਰ ਆਇਆ ਹੈ। ਚਾਰ ਕੁ ਦਿਨ ਪਹਿਲਾਂ ਉਸ ਵਿਰੁਧ ਧਾਰਾ 295 ਤਹਿਤ ਇਕ ਹੋਰ ਪਰਚਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਫਿਰ ਉਸ ਦੀ ਭਾਲ ਕਰ ਰਹੀ ਹੈ। 

ਸੌਦਾ ਸਾਧ ਬਾਰੇ ਸਵਾਲ ਪੁਛਿਆ ਗਿਆ ਹੈ ਕਿ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉਤੇ ਬਲਾਤਕਾਰ ਦੇ ਮੁਕੱਦਮੇ ਜਿਸ ਵਿਚ ਉਸ ਨੂੰ ਦੋਸ਼ੀ ਕਰਾਰ ਦਿਤਾ ਗਿਆ, ਨੂੰ ਕਿਸ ਖ਼ਾਸ ਸਰਕਾਰੀ ਵਕੀਲ ਦੁਆਰਾ ਲੜਿਆ ਗਿਆ। ਜਵਾਬ ਦਿਤੇ ਗਏ ਹਨ : ਜਗਦੀਪ ਸਿੰਘ, ਆਰ ਕੇ ਖਜੂਰੀਆ, ਸਤੀਸ਼ ਗਾਗਰ, ਐਸ ਪੀ ਐਸ ਵਰਮਾ।

ਕਮਿਸ਼ਨ ਦੇ ਇਨ੍ਹਾਂ ‘ਬੇਤੁਕੇ’ ਸਵਾਲਾਂ ’ਤੇ ਇਤਰਾਜ਼ ਉਠਾਉਣ ਵਾਲੇ ਬਲਵਿੰਦਰ ਸਿੰਘ ਜਿਸ ਨੇ ਖ਼ੁਦ ਇਮਤਿਹਾਨ ਦਿਤਾ ਸੀ, ਨੇ ਕਿਹਾ ਕਿ ਉਸ ਨੇ ਕਮਿਸ਼ਨ ਦੁਆਰਾ ਅਜਿਹੇ ਬੇਤੁਕੇ ਸਵਾਲ ਪੁੱਛਣ ਲਈ ਸ਼ੋ੍ਰਮਣੀ ਕਮੇਟੀ ਨੂੰ ਵੀ ਚਿੱਠੀ ਲਿਖੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੰਜਾਬ ਸਰਕਾਰ ਵਿਚ ਪਹਿਲਾਂ ਹੀ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਲਈ ਸਰਕਾਰੀ ਕੋਟੇ ਦੀ ਪੀਸੀਐਸ ਆਸਾਮੀ ਸਬੰਧੀ ਮੁਢਲਾ ਇਮਤਿਹਾਨ ਅਕਤੂਬਰ ਮਹੀਨੇ ਲਿਆ ਸੀ।