ਬਾਬੇ ਨੂੰ ਸਜ਼ਾ ਮਿਲ ਗਈ ਪਰ ਉਹਦੇ ਪਾਪਾਂ ਦੇ ਭਾਗੀਦਾਰਾਂ ਨੂੰ ਸਜ਼ਾ ਕੌਣ ਦੇਵੇਗਾ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬੇ ਨੂੰ ਸਜ਼ਾ ਮਿਲ ਗਈ ਪਰ ਉਹਦੇ ਪਾਪਾਂ ਦੇ ਭਾਗੀਦਾਰਾਂ ਨੂੰ ਸਜ਼ਾ ਕੌਣ ਦੇਵੇਗਾ ?

ਬਾਬੇ ਨੂੰ ਸਜ਼ਾ ਮਿਲ ਗਈ ਪਰ ਉਹਦੇ ਪਾਪਾਂ ਦੇ ਭਾਗੀਦਾਰਾਂ ਨੂੰ ਸਜ਼ਾ ਕੌਣ ਦੇਵੇਗਾ ?

 

ਸੌਦਾ ਸਾਧ ਨੂੰ ਬਲਾਤਕਾਰ ਦਾ ਦੋਸ਼ੀ ਸਾਬਿਤ ਕਰਕੇ ਸਜ਼ਾ ਦੇ ਦਿੱਤੀ ਗਈ ਹੈ ਅਤੇ ਇਸ ਗੱਲ ਨੂੰ ਵੱਡੇ 'ਇਨਸਾਫ' ਵਜੋਂ ਦੇਖਿਆ ਜਾ ਰਿਹਾ ਹੈ। ਇਹ ਗੱਲ ਬਿਲਕੁਲ ਠੀਕ ਹੈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉੱਥੇ ਬਹੁਤ ਹੀ ਗ਼ਲਤ ਕੰਮ ਕੀਤਾ ਅਤੇ ਇਹਨਾਂ ਕੰਮਾਂ ਪਿੱਛੇ ਉਸ ਬਾਬੇ ਦੇ ਕੁਝ ਖ਼ਾਸ ਚੇਲੇ ਅਤੇ ਚੇਲਿਆਂ ਦਾ ਡੂੰਘਾ ਹੱਥ ਸੀ। ਕੌਣ ਸੀ ਉਹ ਚੇਲੀਆਂ ਜੋ ਭੋਲੀਆਂ ਭਾਲੀਆਂ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੀਆਂ ਲੜਕੀਆਂ ਨੂੰ ਫੁਸਲਾ ਕੇ ਬਾਬੇ ਵਰਗੇ ਵਣ ਮਾਣਸ ਦੇ ਹਵਾਲੇ ਕਰਦੀਆਂ ਸੀ। 

 

 ਕਿਸ ਤਰਾਂ ਲੜਕੀਆਂ ਨੂੰ ਭਰਮਾਇਆ ਜਾਂਦਾ ਸੀ, ਕਿਸ ਤਰਾਂ ਨਾਲ ਬਾਬੇ ਦੀ ਚਕਾਚੌਂਧ ਵਿੱਚ ਫਸਾ ਲਿਆ ਜਾਂਦਾ ਸੀ ਇਹ ਹੁਣ ਜੱਗ ਜ਼ਾਹਿਰ ਹੋ ਚੁੱਕਿਆ ਹੈ। ਸਪੋਕਸਮੈਨ ਦੀ ਟੀਮ ਨੇ ਇਸ ਸਾਰੇ ਵਰਤਾਰੇ ਦਾ ਆਪਣੇ ਪੱਧਰ 'ਤੇ ਇੱਕ ਮਨੋਵਿਗਿਆਨਿਕ ਵਿਸ਼ਲੇਸ਼ਣ ਕੀਤਾ ਹੈ ਜੋ ਕੁਝ ਇਸ ਤਰਾਂ ਹੈ ।

 

ਡੇਰੇ ਅੰਦਰ ਔਰਤ ਹੀ ਸੀ ਔਰਤ ਦੀ ਦੁਸ਼ਮਣ 

ਕਾਨੂੰਨ ਹੱਥੇ ਚੜ੍ਹਨ ਵੇਲੇ ਸੌਦਾ ਸਾਧ ਨੇ ਆਪਣੇ ਬਚਾਅ ਲਈ ਅੰਨ੍ਹ ਭਗਤ ਸ਼ਰਧਾਲੂਆਂ ਨੂੰ ਮੌਤ ਦੀ ਭੱਠੀ ਝੋਕ ਦਿੱਤਾ ਜਿਹਨਾਂ ਨੂੰ 'ਕੁਰਬਾਨੀ ਦਲ' ਦਾ ਨਾਂਅ ਦੇ ਕੇ 'ਸੱਚੇ ਭਗਤ' ਹੋਣ ਦੀ ਫੀਤੀ ਲਗਾਈ ਗਈ। ਡੇਰੇ ਵਿੱਚ ਉਸਨੇ ਬਹੁਤ ਸਾਲਾਂ ਤੋਂ ਇੱਕ ਦੂਸਰਾ ਟੋਲਾ ਅਜਿਹੀਆਂ ਔਰਤਾਂ ਦਾ ਬਣਾਇਆ ਹੋਇਆ ਸੀ ਜਿਹਨਾਂ ਦੀ ਡਿਊਟੀ ਅਣਭੋਲ ਲੜਕੀਆਂ ਨੂੰ ਪਿਆਰ ਨਾਲ ਜਾਂ ਡੰਡੇ ਦੇ ਜ਼ੋਰ 'ਤੇ ਸੌਦਾ ਸਾਧ ਦੀ ਭੇਟ ਚੜ੍ਹਾਉਣ ਦੀ ਲਗਾਈ ਗਈ ਸੀ। 

 

ਇਹ ਔਰਤਾਂ ਖੁਦ ਵੀ ਉਸ ਗ਼ੈਰ-ਇਨਸਾਨ ਮੰਜ਼ਰ ਵਿੱਚੋਂ ਗ਼ੁਜ਼ਰ ਚੁੱਕੀਆਂ ਸੀ ਪਰ ਉਸਦੇ ਬਾਵਜੂਦ ਇਹ ਆਪਣੇ 'ਪਿਤਾ ਜੀ' ਲਈ ਹਰ ਰੋਜ਼ ਕਿਸੇ ਨਾ ਕਿਸੇ ਅਣਭੋਲ ਚਿਹਰੇ ਨੂੰ ਸਾਧ ਦਾ ਤਾਜ਼ਾ ਸ਼ਿਕਾਰ ਬਣਾ ਕੇ ਭੇਜਣਾ ਧਰਮ ਸਮਝਦੀਆਂ ਸੀ। ਹਜ਼ਾਰਾਂ ਮਾਸੂਮ ਜਾਨਾਂ ਦੀ ਕਿਸ ਤਰਾਂ ਬੇਪਤੀ ਹੁੰਦੀ ਸੀ ਇਹ ਸਭ ਕੁਝ ਸਪਸ਼ਟ ਹੋ ਚੁੱਕਾ ਹੈ। ਕੁਝ ਹੱਦ ਤੱਕ ਇਸਦੀ ਸਜ਼ਾ ਬਾਬੇ ਨੂੰ ਮਿਲ ਵੀ ਚੁੱਕੀ ਹੈ ਪਰ ਜੋ ਉਸਦੇ ਪਾਪਾਂ ਵਿੱਚ ਭਾਗੀਦਾਰ ਸੀ ਉਹਨਾਂ ਨੂੰ ਸਜ਼ਾ ਕੌਣ ਦੇਵੇਗਾ ਇਹ ਇੱਕ ਵੱਡਾ ਸਵਾਲ ਹੈ।

 

  

ਸਮਾਜ ਅੱਗੇ ਸਵਾਲ ਹੈ ਕਿ ਅਜਿਹੇ ਦੇਹਧਾਰੀ ਬਾਬਿਆਂ ਕੋਲ ਜਵਾਨ ਧੀਆਂ ਨੂੰ ਕਿਸ ਆਧਾਰ 'ਤੇ ਭੇਜਦੇ ਹਨ ? ਦੋ ਵਾਰ ਬਾਬੇ ਦਾ ਸ਼ਿਕਾਰ ਹੋਈ ਇੱਕ ਸਾਬਕਾ ਸਾਧਵੀ ਨੇ ਸੀ.ਬੀ.ਆਈ. ਨੂੰ ਦੱਸਿਆ ਸੀ ਕਿ ਉਸਨੇ ਗੁਫਾ ਵਿੱਚੋਂ ਬਹੁਤ ਲੜਕੀਆਂ ਨੂੰ ਰੋਂਦਿਆਂ ਬਾਹਰ ਆਉਂਦਿਆਂ ਦੇਖਿਆ ਸੀ। ਉਸਨੇ 8 ਲੜਕੀਆਂ ਦੇ ਨਾਂਅ ਲਏ ਜਿਹਨਾਂ ਨੇ ਗੁਫਾ ਵਿੱਚ ਜਾਣ ਤੋਂ ਬਚਣ ਲਈ ਕਿਹਾ ਪਰ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਉਹਨਾਂ ਨਾਲ ਅੰਦਰ ਵਾਪਰਿਆ ਕੀ। ਗੁਫਾ ਤੋਂ ਬਾਹਰ ਆਉਣ ਵਾਲੀ ਹਰ ਲੜਕੀ ਨੂੰ ਇਹ ਨਿਰਦੇਸ਼ ਹੁੰਦਾ ਸੀ ਕਿ ਬਾਹਰ ਜਾ ਕੇ ਇਸ ਬਾਰ ਉਹ ਕੋਈ ਗੱਲ ਨਾ ਕਰੇ।

 

'ਸੇਵਾ' ਜਾਂ ਡਿਊਟੀ ਲਈ ਵੀ ਸਰੀਰਕ ਦਿੱਖ ਹੀ ਮਾਪਦੰਡ ਮੰਨਿਆ ਜਾਂਦਾ ਸੀ। ਸੌਦਾ ਸਾਧ ਦੀ ਜਿਸਮਾਨੀ ਭੁੱਖ ਤੋਂ ਇਲਾਵਾ ਗੁਫਾ ਦੀ ਨਿਗਰਾਨੀ, ਸਾਂਭ ਸੰਭਾਲ, ਸੌਦਾ ਸਾਧ ਦੇ ਖਾਣ ਪੀਣ ਲਈ ਸੁੰਦਰ ਲੜਕੀਆਂ ਨੂੰ ਚੁਣਿਆ ਜਾਂਦਾ ਸੀ ਜਦਕਿ ਸਾਧਾਰਨ ਲੜਕੀਆਂ ਨੂੰ ਸਾਫ-ਸਫਾਈ ਅਤੇ ਸਟੇਜ ਆਦਿ ਸਜਾਉਣ ਲਈ ਕਿਹਾ ਜਾਂਦਾ ਸੀ।  

 

ਡੇਰੇ ਦਾ 'ਟਾਰਚਰ ਰੂਮ' -

'ਸੇਵਾਦਾਰਨੀਆਂ ਦਾ ਟੋਲਾ' ਇਹ ਵੀ ਨਿਗ੍ਹਾ ਰੱਖਦਾ ਸੀ ਕਿ 'ਮਾਫੀ' ਲੈ ਕੇ ਆਈ ਲੜਕੀ ਸੌਦਾ ਸਾਧ ਖਿਲਾਫ ਕਿਸੇ ਕਿਸਮ ਦਾ ਜ਼ਿਕਰ ਨਾ ਕਰੇ। ਜੇਕਰ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦੀ ਸੀ ਉਸਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਹਨ੍ਹੇਰੇ ਕਮਰੇ ਵਿੱਚ ਬੰਦ ਕਰਕੇ 24 24 ਘੰਟਿਆਂ ਤੱਕ ਖਾਣਾ ਨਹੀਂ ਦਿੱਤਾ ਜਾਂਦਾ ਸੀ।  ਇਸੇ ਕੰਮ ਲਈ ਇਕ ਹੋਰ ਕਮਰਾ ਵੀ ਸੀ ਜਿਸ ਨੂੰ 'ਮਨ ਸੁਧਾਰ ਰੂਮ' ਕਿਹਾ ਜਾਂਦਾ ਸੀ। ਗੁਫਾ ਵਿੱਚ ਜਾਣ ਤੋਂ ਇਨਕਾਰ ਕਰਨ ਵਾਲੀਆਂ ਲੜਕੀਆਂ ਨੂੰ ਇੱਥੇ ਇਹ ਔਰਤਾਂ ਦਾ ਟੋਲਾ ਡਰਾਉਂਦਾ ਧਮਕਾਉਂਦਾ ਅਤੇ ਬੇਰਹਿਮੀ ਨਾਲ ਕੁੱਟਦਾ ਵੀ ਸੀ। 

 

ਕਿਹਾ ਜਾਂਦਾ ਹੈ ਕਿ ਪਾਪੀ ਦਾ ਸਾਥ ਦੇਣ ਵਾਲਾ ਵੀ ਪਾਪੀ ਹੁੰਦਾ ਹੈ। ਸੌਦਾ ਸਾਧ ਕਸੂਰਵਾਰ ਹੈ 'ਤੇ ਇਹਨਾਂ ਸੇਵਾਦਾਰਨੀਆਂ ਦਾ ਵੀ ਬਰਾਬਰ ਦਾ ਕਸੂਰ ਹੈ। ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜਿਹਨਾਂ ਨੇ ਮਾਸੂਮਾਂ ਦੀ ਜ਼ਿੰਦਗੀ ਬਰਬਾਦ ਕੀਤੀ। ਇਹ ਕਿਸੇ ਰਹੀਮ ਦੀਆਂ ਹੱਕਦਾਰ ਨਹੀਂ। ਸਮਾਜ ਨੂੰ ਇਹਨਾਂ ਬਾਰੇ ਜ਼ਰੂਰ ਗ਼ੌਰ ਕਰਨੀ ਚਾਹੀਦੀ ਹੈ।