ਚੰਡੀਗੜ੍ਹ : ਚੰਡੀਗੜ੍ਹ ਦੇ ਦਸ ਸਾਲਾ ਮਾਸੂੂਮ ਬੱਚੇ ਵਲੋਂ ਸੁਪਰੀਮ ਕੋਰਟ ਨੂੰ ਪੇਸ਼ ਕੀਤੇ ਗਏ ਧਨਵਾਦੀ ਕਾਰਡ ਨੇ ਅਦਾਲਤ ਦੇ ਜੱਜਾਂ ਦਾ ਮਨ ਮੋਹ ਲਿਆ ਹੈ। ਬੱਚੇ ਨੇ ਅਪਣੇ ਮਾਤਾ-ਪਿਤਾ ਦੇ ਵਿਆਹੁਤਾ ਜੀਵਨ ਦੇ ਵਿਵਾਦ ਸਬੰਧੀ 23 ਮਾਮਲੇ ਹੱਲ ਕਰਨ ਅਤੇ ਉਨ੍ਹਾਂ ਨੂੰ ਤਲਾਕ ਦਿਵਾਉਣ ਲਈ ਜੱਜਾਂ ਦਾ ਧਨਵਾਦ ਕੀਤਾ। ਬੱਚੇ ਦੇ ਮਾਪਿਆਂ ਵਿਚ ਪਿਛਲੇ ਸੱਤ ਸਾਲਾਂ ਤੋਂ ਵਿਵਾਦ ਚਲ ਰਿਹਾ ਸੀ ਤੇ ਹੁਣ ਦੋਹਾਂ ਦਾ ਤਲਾਕ ਹੋ ਗਿਆ ਹੈ।
ਬੱਚੇ ਵਲੋਂ ਜ਼ਿੰਦਗੀ ਦੇ ਗੰਭੀਰ ਮਾਮਲਿਆਂ ਬਾਰੇ ਦਿਖਾਈ ਗਈ ਦਿਲਚਸਪੀ ਨੇ ਜਸਟਿਸ ਕੁਰੀਅਨ ਜੋਸਫ਼ ਅਤੇ ਜਸਟਿਸ ਮੋਹਨ ਐਮ ਸ਼ਾਂਤਨਾਗਾਊਡਰ ਦਾ ਮਨ ਮੋਹ ਲਿਆ। ਕੇਸ ਦੀ ਸੁਣਵਾਈ ਸਮੇਂ 5 ਮਾਰਚ ਨੂੰ ਬੱਚਾ ਅਦਾਲਤ ਵਿਚ ਹਾਜ਼ਰ ਸੀ ਅਤੇ ਮਾਪਿਆਂ ਦਾ ਵਿਵਾਦ ਸੁਲਝਣ ਮਗਰੋਂ ਉਸ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਅਪਣੇ ਜਜ਼ਬੇ ਨੂੰ ਇਕ ਕਾਰਡ ਵਿਚ ਪਰੋ ਕੇ ਜੱਜਾਂ ਨੂੰ ਸੌਂਪਿਆ।
ਬੱਚੇ ਦੀ ਇਸ ਮਨ ਮੋਹ ਲੈਣ ਵਾਲੀ ਕਾਰਗੁਜ਼ਾਰੀ ਨੇ ਜੱਜਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ ਅਤੇ ਬੱਚੇ ਵਲੋਂ ਦਿਤੇ ਗਏ ਕਾਰਡ ਦੀ ਸਕੈਨ ਕੀਤੀ ਕਾਪੀ ਨੂੰ ਅਦਾਲਤੀ ਫ਼ੈਸਲੇ ਨਾਲ ਨੱਥੀ ਕੀਤਾ ਗਿਆ। ਬੱਚੇ ਦੇ ਮਾਤਾ ਪਿਤਾ ਦਾ ਵਿਆਹ 18 ਮਈ 1997 ਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਇਸ ਜੋੜੇ ਦਾ ਇਕ ਬੇਟਾ ਤੇ ਇਕ ਬੇਟੀ ਹੈ। ਦੋਹਾਂ ਵਿਚ ਵਿਵਾਦ ਕਾਰਨ ਉਨ੍ਹਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ 23 ਕੇਸ ਦਾਇਰ ਕੀਤੇ ਸਨ। ਬਾਅਦ ਵਿਚ ਸੁਪਰੀਮ ਕੋਰਟ ਨੇ ਇਨ੍ਹਾਂ ਕੇਸਾਂ ਦਾ ਅੰਤਮ ਨਿਪਟਾਰਾ ਕੀਤਾ।