ਬੱਚੀ ਨੂੰ ਬੋਰੀ 'ਚ ਬੰਦ ਕਰਕੇ ਕੁੱਟਣ ਵਾਲੀ ਮਤਰੇਈ ਮਾਂ ਖਿਲਾਫ ਚਲਾਨ ਪੇਸ਼

ਖਾਸ ਖ਼ਬਰਾਂ

ਚੰਡੀਗੜ੍ਹ : 5 ਸਾਲਾਂ ਦੀ ਬੱਚੀ ਨੂੰ ਬੋਰੀ 'ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਣ ਵਾਲੀ ਮਤਰੇਈ ਮਾਂ ਜਸਪ੍ਰੀਤ ਕੌਰ ਖਿਲਾਫ ਪੁਲਿਸ ਨੇ ਜ਼ਿਲਾ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਹੈ। ਪੁਲਿਸ ਨੇ 235 ਪੇਜਾਂ ਦੇ ਚਲਾਨ 'ਚ 25 ਗਵਾਹ ਬਣਾਏ ਹਨ, ਜਿਨ੍ਹਾਂ 'ਚ ਜਸਪ੍ਰੀਤ ਦਾ ਪਤੀ ਅਤੇ ਬੱਚੀ ਦਾ ਪਿਤਾ ਮੁੱਖ ਗਵਾਹ ਬਣਿਆ ਹੈ। ਤੁਹਾਨੂੰ ਦੱਸ ਦਈਏ ਕਿ ਜ਼ਿਲਾ ਅਦਾਲਤ 'ਚ ਦੋਸ਼ੀ ਦੀ ਜ਼ਮਾਨਤ ਪਟੀਸ਼ਨ 2 ਵਾਰ ਰੱਦ ਹੋ ਚੁੱਕੀ ਹੈ।

ਸੈਕਟਰ-29 ਵਾਸੀ ਮਨਮੋਹਨ ਸਿੰਘ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਕੁਝ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਦਾ ਇਕ ਬੇਟਾ ਅਤੇ 5 ਸਾਲ ਦੀ ਬੇਟੀ ਹੈ। 2016 'ਚ ਮਨਮੋਹਨ ਨੇ ਬੱਚਿਆਂ ਦੀ ਦੇਖਭਾਲ ਲਈ ਸੈਕਟਰ-27 ਵਾਸੀ ਜਸਪ੍ਰੀਤ ਕੌਰ ਨਾਲ ਵਿਆਹ ਕਰ ਲਿਆ। ਜਸਪ੍ਰੀਤ ਕੌਰ ਦੀ ਵੀ ਪਹਿਲਾਂ ਇਕ ਬੇਟੀ ਸੀ। ਉਹ ਕੰਮ 'ਤੇ ਚਲਾ ਜਾਂਦਾ ਸੀ ਪਰ ਪਿੱਛਿਓਂ ਜਸਪ੍ਰੀਤ ਕੌਰ ਉਸ ਦੇ ਦੋਹਾਂ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਦੀ ਸੀ। 

ਮਨਮੋਹਨ ਬੇਟੇ ਨੇ ਉਸ ਨੂੰ ਦੱਸਿਆ ਵੀ ਸੀ ਕਿ ਮਤਰੇਈ ਮਾਂ ਉਨ੍ਹਾਂ ਦੋਹਾਂ ਨੂੰ ਕੁੱਟਦੀ ਹੈ ਪਰ ਮਨਮੋਹਨ ਨੂੰ ਯਕੀਨ ਨਾ ਆਇਆ, ਜਿਸ ਤੋਂ ਬਾਅਦ ਉਸ ਦੇ ਬੇਟੇ ਨੇ ਆਪਣੀ ਭੈਣ ਨੂੰ ਕੁੱਟਣ ਵਾਲੀ ਮਤਰੇਈ ਮਾਂ ਦੀ ਵੀਡੀਓ ਬਣਾ ਲਈ। ਇਸ ਵੀਡੀਓ ਨੂੰ ਦੇਖ ਕੇ ਹੀ ਮਨਮੋਹਨ ਸਿੰਘ ਨੇ ਸੈਕਟਰ-19 ਸਥਿਤ ਚਾਈਲਡ ਵੈਲਫੇਅਰ ਕਮੇਟੀ ਨਾਲ ਸੰਪਰਕ ਕੀਤਾ ਸੀ।