ਬਦਮਾਸ਼ਾਂ ਨੇ ਦੋ ਵਿਦਿਆਰਥਣਾਂ 'ਤੇ ਸੁਟਿਆ ਤੇਜ਼ਾਬ, ਗੰਭੀਰ ਜ਼ਖ਼ਮੀ

ਖਾਸ ਖ਼ਬਰਾਂ

ਡਿੰਡੋਰੀ, 10 ਫ਼ਰਵਰੀ : ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਲਾਗੇ ਅੱਜ ਬਾਈਕ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਪ੍ਰੀਖਿਆ ਦੇ ਕੇ ਮੁੜ ਰਹੀਆਂ 11ਵੀਂ ਦੀਆਂ ਦੋ ਵਿਦਿਆਰਥਣਾਂ 'ਤੇ ਤੇਜ਼ਾਬ ਸੁੱਟ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ। ਘਟਨਾ ਮਗਰੋਂ ਦੋਸ਼ੀ ਫ਼ਰਾਰ ਹੋ ਗਏ। ਸਥਾਨਕ ਪਿੰਡ ਵਿਚ 17 ਸਾਲਾ ਸ਼ਸ਼ੀ ਮਹੇਸ਼ ਅਤੇ ਸਾਕਸ਼ੀ ਨਾਰਾਇਣ ਦੁਪਹਰਿ ਸਮੇਂ ਸਕੁਲ ਤੋਂ ਪ੍ਰੀਖਿਆ ਦੇ ਕੇ ਮੁੜ ਰਹੀਆਂ ਸਨ ਕਿ ਪਿਛਿਉਂ ਦੋ ਨੌਜਵਾਨਾਂ ਨੇ ਅਚਾਨਕ ਉਨ੍ਹਾਂ ਉਤੇ 

ਤੇਜ਼ਾਬ ਸੁੱਟ ਦਿਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।  ਬਦਮਾਸ਼ਾਂ ਨੇ ਇਹ ਸੱਭ ਕੁੱਝ ਏਨੀ ਤੇਜ਼ੀ ਨਾਲ ਕੀਤਾ ਕਿ ਦੋਹਾਂ ਕੁੜੀਆਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਜ਼ਖ਼ਮੀ ਕੁੜੀਆਂ ਨੂੰ ਤੁਰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁੱਛ-ਪੜਤਾਲ ਰਾਹੀਂ ਘਟਨਾ ਬਾਰੇ ਪਤਾ ਲੱਗਾ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਘਟਨਾ ਸਮੇਂ ਦੋਸ਼ੀਆਂ ਨੇ ਚਿਹਰਾ ਢਕਿਆ ਹੋਇਆ ਸੀ ਅਤੇ ਬਾਈਕ ਦੀ ਨੰਬਰ ਪਲੇਟ 'ਤੇ ਵੀ ਕਪੜਾ ਬੰਨ੍ਹਿਆ ਹੋਇਆ ਸੀ।           (ਏਜੰਸੀ)