ਨਵੀਂ ਦਿੱਲੀ/ਨਿਊਯਾਰਕ, 9 ਦਸੰਬਰ: ਟੈਕਸੀ ਸੇਵਾਵਾਂ ਦੇਣ ਵਾਲੀ ਕੰਪਨੀ ਉਬਰ ਟੈਕਨਾਲੋਜੀਜ਼ ਅਤੇ ਬਲਾਤਕਾਰ ਦੀ ਪੀੜਤ ਇਕ ਭਾਰਤੀ ਔਰਤ ਅਮਰੀਕਾ ਦੀ ਅਦਾਲਤ 'ਚ ਚਲ ਰਹੇ ਮੁਕੱਦਮੇ ਨੂੰ ਆਪਸ 'ਚ ਹੱਲ ਕਰਨ ਲਈ ਸਹਿਮਤ ਹੋ ਗਏ ਹਨ।ਕੰਪਨੀ ਦੇ ਇਕ ਡਰਾਈਵਰ ਨੇ ਔਰਤ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਉਬਰ ਦੇ ਸਿਖਰਲੇ ਕਾਰਜਕਾਰੀਆਂ ਵਿਰੁਧ ਔਰਤ ਨੇ ਗ਼ਲਤ ਤਰੀਕੇ ਨਾਲ ਉਸ ਦੀ ਡਾਕਟਰੀ ਰੀਪੋਰਟ ਹਾਸਲ
ਕਰਨ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਸੀ। ਸੰਪਰਕ ਕੀਤੇ ਜਾਣ 'ਤੇ ਉਬਰ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਸਾਰੀਆਂ ਧਿਰਾਂ ਵਿਚਕਾਰ ਸਮਝੌਤੇ ਦੀ ਸਹਿਮਤੀ ਬਣ ਗਈ ਹੈ ਅਤੇ ਜਨਵਰੀ 'ਚ ਇਹ ਮਾਮਲਾ ਖ਼ਤਮ ਹੋ ਜਾਵੇਗਾ। ਹਾਲਾਂਕਿ ਸਮਝੌਤੇ ਦੀਆਂ ਸ਼ਰਤਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਔਰਤ ਨਾਲ ਉਬਰ ਦੇ ਇਕ ਚਾਲਕ ਨੇ 2014 'ਚ ਦਿੱਲੀ 'ਚ ਬਲਾਤਕਾਰ ਕੀਤਾ ਸੀ। ਔਰਤ ਨੇ ਇਸ ਬਾਬਤ ਮਾਮਲਾ ਦਾਇਰ ਕੀਤਾ ਸੀ ਪਰ ਬਾਅਦ 'ਚ ਇਸ ਨੂੰ ਵਾਪਸ ਲੈ ਲਿਆ ਸੀ। (ਪੀਟੀਆਈ)