ਬਲਾਤਕਾਰ ਪੀੜਤ ਸਾਧਵੀਆਂ ਨੇ ਸੌਦਾ ਸਾਧ ਲਈ ਮੰਗੀ ਉਮਰ ਕੈਦ

ਐਡਵੋਕੇਟ ਨਵਕਿਰਨ ਸਿੰਘ ਮੁਤਾਬਕ ਪੀੜਤਾਂ ਦੀ ਪਛਾਣ ਲਗਾਤਾਰ ਗੁਪਤ ਰੱਖੀ ਜਾ ਰਹੀ ਹੈ। ਉਹ ਪਿਛਲੇ ਕਰੀਬ ਅੱਠ ਕੁ ਸਾਲਾਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਹਨ। ਇਸੇ ਕਾਰਨ ਬੜੇ ਗੁਪਤ ਢੰਗ ਨਾਲ ਪੀੜਤਾਂ ਦੇ ਵਕਾਲਤਨਾਮੇ, ਹਲਫ਼ਨਾਮੇ ਅਤੇ ਹੋਰ ਲੋੜੀਂਦੇ ਦਸਤਾਵੇਜ਼ ਨਿਜੀ ਤੌਰ ਉਤੇ ਉਨ੍ਹਾਂ ਦੇ ਦਸਤਖ਼ਤ ਕਰਵਾ ਕੇ ਹਾਈ ਕੋਰਟ 'ਚ ਇਹ ਪਟੀਸ਼ਨ ਦਾਇਰ ਕੀਤੀ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸੌਦਾ ਸਾਧ ਵਲੋਂ ਕੀਤਾ ਅਪਰਾਧ ਬੇਹੱਦ ਸੰਗੀਨ ਇਸ ਕਰ ਕੇ ਵੀ ਹੈ ਕਿਉਂਕਿ ਪੈਰੋਕਾਰ ਉਸ ਨੂੰ 'ਪਿਤਾ ਜੀ' ਤਕ ਦੀ ਉਪਾਧੀ ਦਿੰਦੇ ਹਨ। ਸਾਧਵੀਆਂ ਦਾ ਵੀ ਉਸ ਵਿਚ ਅੰਨ੍ਹਾ ਵਿਸ਼ਵਾਸ ਸੀ ਜਿਸ ਦਾ ਲਾਹਾ ਲੈਂਦਿਆਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ।

ਇਸ ਪਟੀਸ਼ਨ ਵਿਚ ਇਕ ਹੋਰ ਵੱਡਾ ਪਹਿਲੂ ਜੋ ਛੂਹਿਆ ਗਿਆ ਹੈ ਉਹ ਹੈ ਕਿ ਸੀਬੀਆਈ ਦੇ ਵਕੀਲ ਵਲੋਂ ਸੀਬੀਆਈ ਅਦਾਲਤ 'ਚ ਆਖ਼ਰੀ ਬਹਿਸ ਮੌਕੇ ਸਾਧ ਨੂੰ ਸਖ਼ਤ ਤੋਂ ਸਖ਼ਤ ਅਤੇ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ ਜਾ ਚੁਕੀ ਹੈ।
ਦਸਣਯੋਗ ਹੈ  ਕਿ ਰਾਮ ਰਹੀਮ ਨੂੰ ਫਿਲਹਾਲ 20 ਸਾਲ (ਅੱਗੜ-ਪਿੱਛੜ 10-10 ਸਾਲ) ਕੈਦ ਦੀ ਸਜ਼ਾ  ਸੁਣਾਈ ਗਈ ਹੈ। ਸਾਧ ਉਤੇ ਧਾਰਮਕ,  ਅਧਿਆਤਮਕ ਗੁਰੂ ਵਜੋਂ ਅਪਣੀ ਪੁਜੀਸ਼ਨ ਦਾ ਗ਼ਲਤ ਇਸਤੇਮਾਲ ਕਰਨ ਦੇ ਮੁਢਲੇ ਦੋਸ਼ ਹਨ। ਇਸ ਪਟੀਸ਼ਨ ਉਤੇ ਸ਼ੁਕਰਵਾਰ ਸੁਣਵਾਈ ਹੋਣ ਦੀ ਸੰਭਾਵਨਾ ਹੈ।