ਭਾਵੇਂ ਸੌਦਾ ਸਾਧ ਜੇਲ੍ਹ ਦੀ ਹਵਾ ਖਾ ਰਿਹਾ ਹੈ ਪਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਉਸ ਬਾਬਤ ਅਜੇ ਵੀ ਮੋਹ ਭੰਗ ਨਹੀਂ ਹੋਇਆ। ਖੱਟਰ ਹਾਲੇ ਵੀ ਸੌਦਾ ਸਾਧ ਨੂੰ 'ਜੀ' ਅੱਖ ਕੇ ਮੁਖਾਤਿਬ ਹੁੰਦਾ ਹੈ। ਕੱਲ੍ਹ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਖੱਟਰ ਨੇ ਸੌਦਾ ਸਾਧ ਨੂੰ ਵਾਰ-ਵਾਰ 'ਜੀ' ਕਿਹਾ ਤਾਂ ਪੱਤਰਕਾਰਾਂ ਦੇ ਕੰਨ ਖੜ੍ਹੇ ਹੋ ਗਏ।
ਇਹ ਤਾਂ ਜੱਗ-ਜ਼ਾਹਿਰ ਹੈ ਕਿ ਸੌਦਾ ਸਾਧ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹਰਿਆਣੇ ਵਿੱਚ ਦੱਬ ਕੇ ਮਦਦ ਕੀਤੀ ਸੀ। ਇੱਕ ਢੰਗ ਨਾਲ ਭਾਜਪਾ ਬਾਬੇ ਦੀ ਸਿਆਸੀ ਤੌਰ 'ਤੇ ਕਰਜ਼ਈ ਹੈ ਇਸੇ ਕਰਕੇ ਸ਼ਾਇਦ ਖੱਟਰ ਨੂੰ ਬਲਾਤਕਾਰ ਦੇ ਕੇਸ ਵਿੱਚ 20 ਸਾਲੀ ਸਜ਼ਾ ਭੁਗਤ ਰਹੇ 'ਬਾਬੇ' ਲਈ ਮਿਠਾਸ ਭਰੇ 'ਜੀ' ਸ਼ਬਦ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਜਪਾ ਪਹਿਲਾਂ ਵੀ ਸੌਦਾ ਸਾਧ ਪ੍ਰਤੀ ਨਰਮ ਰਵਈਆ ਰੱਖਣ ਦੇ ਇਲਜ਼ਾਮ ਕਾਰਨ ਭਾਰੀ ਆਲੋਚਨਾ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਹੁਣ ਉਹਨਾਂ ਦਾ ਦੁਬਾਰਾ ਰਾਮ ਰਹੀਮ ਨੂੰ 'ਜੀ' ਕਹਿ ਕੇ ਸੰਬੋਧਨ ਕਰਨਾ ਰਾਜਨੀਤਿਕ ਗਲਿਆਰਿਆਂ ਦੀ ਸੁਰਖੀ ਬਣਦਾ ਜਾ ਰਿਹਾ ਹੈ।
ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵੋਟ ਦੀ ਰਾਜਨੀਤੀ ਕਿਤੇ ਨਾ ਕਿਤੇ ਕਾਨੂੰਨ ਅਤੇ ਮੁੱਖ ਮੰਤਰੀ ਦੀ ਮਰਿਆਦਾ ਉੱਤੇ ਭਾਰੀ ਪੈਣ ਦੀ ਗੱਲ ਕਹੀ ਜਾ ਰਹੀ ਹੈ। ਭਾਜਪਾ ਵੱਲੋਂ ਇਸ ਬਾਰੇ ਹੁਣ ਤੱਕ ਕੋਈ ਪ੍ਰਤੀਕਿਰਿਆ ਪ੍ਰਾਪਤ ਨਹੀਂ ਹੋਈ ਪਰ ਇੱਕ ਗੱਲ ਤੈਅ ਹੈ ਕਿ ਕਾਨੂੰਨ ਦੇ ਗੁਨਾਹਗਾਰ ਸੌਦਾ ਸਾਧ ਦਾ ਵਾਰ-ਵਾਰ ਪੱਖ ਪੂਰਨ ਦਾ ਜਵਾਬ ਦੇਣਾ ਭਾਜਪਾ ਲਈ ਮੁਸ਼ਕਿਲ ਹੋਵੇਗਾ।