ਜਾਨਲੇਵਾ ਆਨਲਾਈਨ ਗੇਮ 'ਬਲੂ ਵ੍ਹੇਲ ਚੈਲੇਂਜ' ਦੇ ਸ਼ਿਕਾਰ ਨੌਜਵਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਰਾਜਸਥਾਨ ਦੇ ਜੋਧਪੁਰ ਵਿੱਚ ਇੱਕ 17 ਸਾਲਾ ਲੜਕੀ ਨੂੰ ਖ਼ੁਦਕੁਸ਼ੀ ਕਰਨ 'ਤੋਂ ਬਚਾਇਆ ਗਿਆ ਜੋ ਝੀਲ ਵਿੱਚ ਡੁੱਬ ਕੇ ਆਤਮਹੱਤਿਆ ਕਰਨ ਜਾ ਰਹੀ ਸੀ। ਇਹ ਲੜਕੀ ਝੀਲ ਵਿੱਚ ਡੁੱਬ ਕੇ ਆਤਮਹੱਤਿਆ ਕਰਨ ਨਾਲ ਆਪਣਾ ਫਾਈਨਲ ਗੇਮ ਟਾਸਕ ਪੂਰਾ ਕਰਨਾ ਚਾਹੁੰਦੀ ਸੀ।
ਇਸ ਲੜਕੀ ਨੇ ਇੱਥੋਂ ਦੀ ਕਲਿਆਣ ਝੀਲ ਵਿੱਚ ਡੁੱਬਣ ਦੀ ਦੋ ਵਾਰ ਕੋਸ਼ਿਸ਼ ਕੀਤੀ ਜੋ ਕਿ ਇੱਕ ਬੀ.ਐਸ.ਐਫ. ਦੇ ਸਿਪਾਹੀ ਦੀ ਬੇਟੀ ਹੈ। ਪਹਿਲੀ ਵਾਰ ਜਦੋਂ ਉਸਨੇ ਡੁੱਬਣ ਲਈ ਛਲਾਂਗ ਲਗਾਈ ਤਾਂ ਇੱਕ ਸਥਾਨਿਕ ਨਾਗਰਿਕ ਨੇ ਉਸਨੂੰ ਬਾਹਰ ਕੱਢ ਲਿਆ।
ਥੋੜ੍ਹੀ ਦੇਰ ਬਾਅਦ ਬਚਾਅ ਕਰਨ ਵਾਲੇ ਗੋਤਾਖੋਰ ਤੋਂ ਕੁਛ ਦੂਰੀ 'ਤੇ ਜਾ ਉਸਨੇ ਮੁੜ ਦੁਬਾਰਾ ਕੋਸ਼ਿਸ਼ ਕੀਤੀ ਪਰ ਉਸ ਵਿਅਕਤੀ ਨੇ ਲੜਕੀ ਨੂੰ ਦੁਬਾਰਾ ਬਚਾ ਲਿਆ।
ਪੁਲਿਸ ਸਟੇਸ਼ਨ ਮੰਡੋਰ ਦੀ ਦਿੱਤੀ ਜਾਣਕਾਰੀ ਅਨੁਸਾਰ ਇਸ ਲੜਕੀ ਦੇ ਮਾਪਿਆਂ ਨੇ ਆਪਣੀ ਲੜਕੀ ਦੇ ਗੁੰਮ ਹੋਣ `ਤੇ ਪੁਲਿਸ ਕੋਲ ਸੂਚਨਾ ਦਿੱਤੀ ਸੀ ਅਤੇ ਖੋਜ ਦੌਰਾਨ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ।
ਲੜਕੀ ਦੀ ਬਾਂਹ 'ਤੇ ਤਿੱਖੀ ਨੋਕਦਾਰ ਚੀਜ਼ ਨਾਲ ਬਣਾਇਆ ਵ੍ਹੇਲ ਦਾ ਚਿੱਤਰ ਵੀ ਮਿਲਿਆ ਹੈ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੇਮ ਦੀ ਆਖ਼ਰੀ ਸਟੇਜ 'ਤੇ ਸੀ ਅਤੇ ਟਾਸਕ ਪੂਰਾ ਨਾ ਕਰਨ 'ਤੇ ਉਸਦੀ ਮਾਂ ਅਤੇ ਪੂਰੇ ਪਰਿਵਾਰ ਦੀ ਜਾਨ ਨੂੰ ਖਤਰੇ ਦੀ ਚੇਤਾਵਨੀ ਦਿੱਤੀ ਗਈ ਸੀ।