ਐਸ ਏ ਐਸ ਨਗਰ, 8 ਫ਼ਰਵਰੀ (ਗੁਰਮੁਖ ਵਾਲੀਆ): ਬੀਤੀ ਰਾਤ ਕਰੀਬ ਸਵਾ ਇਕ ਵਜੇ ਫ਼ੇਜ਼-6 ਵਿਚ ਨਵੇਂ ਬੱਸ ਅੱਡੇ ਦੇ ਬਾਹਰ ਇਕ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਦੁਧ ਦੇ ਇਕ ਕੈਂਟਰ ਵਿਚਾਲੇ ਟੱਕਰ ਹੋ ਗਈ ਜਿਸ ਵਿਚ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ 22 ਵਿਅਕਤੀ ਜ਼ਖ਼ਮੀ ਹੋ ਗਏ, ਬਾਅਦ ਵਿਚ ਪੀ ਜੀ ਆਈ ਵਿਚ ਜ਼ੇਰੇ ਇਲਾਜ ਇਕ ਗੰਭੀਰ ਜ਼ਖ਼ਮੀ ਵਿਅਕਤੀ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਹਿਮਾਚਲ ਰੋਡਵੇਜ਼ ਦੀ ਬੱਸ ਧਰਮਸ਼ਾਲਾ ਤੋਂ ਹਰਿਦੁਆਰ ਜਾ ਰਹੀ ਸੀ। ਰਾਤ ਸਵਾ ਇਕ ਵਜੇ ਦੇ ਕਰੀਬ ਜਦੋਂ ਇਹ ਬੱਸ ਮੋਹਾਲੀ ਦੇ ਫ਼ੇਜ਼ 6 ਦੇ ਬੱਸ ਅੱਡੇ ਵਿਚੋਂ ਬਾਹਰ ਨਿਕਲੀ ਤਾਂ ਵੇਰਕਾ ਪਲਾਂਟ ਵਾਲੇ ਪਾਸਿਉਂ ਆ ਰਹੇ ਵੇਰਕਾ ਦੁਧ ਦੇ ਟੈਂਕਰ ਨਾਲ ਉਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਬੱਸ ਦੇ ਡਰਾਈਵਰ ਹਰਵਿੰਦਰ ਸਿੰਘ ਵਸਨੀਕ ਲੁਧਿਆਣਾ ਅਤੇ ਕੰਡਕਟਰ ਰਜਿੰਦਰ ਕੁਮਾਰ ਵਾਸੀ ਕਾਂਗੜਾ ਸਮੇਤ 22 ਵਿਅਕਤੀ ਜ਼ਖ਼ਮੀ ਹੋ ਗਏ।
100 ਨੰਬਰ ਉਪਰ ਮਿਲੀ ਸੂਚਨਾ ਤੋਂ ਬਾਅਦ ਮੌਕੇ ਉਪਰ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫ਼ੇਜ਼ 6 ਵਿਚ ਭਰਤੀ ਕਰਵਾਇਆ ਜਿਥੋਂ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ ਚਾਰ ਵਿਅਕਤੀਆਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕਰ ਦਿਤਾ ਗਿਆ। ਪੀ ਜੀ ਆਈ ਵਿਖੇ ਜ਼ੇਰੇ ਇਲਾਜ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਵਿਜੈ ਕੁਮਾਰ ਦੀ ਮੌਤ ਹੋ ਗਈ। ਬੱਸ ਦੇ ਡਰਾਈਵਰ ਕੰਡਕਟਰ ਅਤੇ ਦੁੱਧ ਦੇ ਕਂੈਟਰ ਦੇ ਕਲੀਨਰ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਟੈਂਕਰ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ।