ਬਟਾਲਾ 'ਚ ਗੈਸ ਰਿਸਾਅ ਰੋਕਣ ਦਾ ਆਪ੍ਰੇਸ਼ਨ ਸਮਾਪਤ

ਬਟਾਲਾ, 2 ਫ਼ਰਵਰੀ (ਡਾ. ਹਰਪਾਲ ਸਿੰਘ ਬਟਾਲਵੀ, ਗੋਰਾ ਚਾਹਲ, ਬਲਵਿੰਦਰ ਭੱਲਾ) : ਬੀਤੀ ਸ਼ਾਮ ਬਟਾਲਾ ਦੇ ਕਾਹਨੂੰਵਾਨ ਰੋਡ 'ਤੇ ਸਥਿਤ ਇਕ ਆਈਸ ਫ਼ੈਕਟਰੀ ਵਿਚ ਅਮੋਨੀਆ ਗੈਸ ਦੇ ਰਿਸਾਵ ਨੂੰ ਰੋਕਣ ਤੇ ਲੋਕਾਂ ਨੂੰ ਇਸ ਜ਼ਹਿਰੀਲੀ ਗੈਸ ਦੇ ਪ੍ਰਭਾਵ ਤੋਂ ਬਚਾਉਣ ਲਈ ਪ੍ਰਸ਼ਾਸਨ ਵਲੋਂ ਚਲਾਇਆ ਰੈਸਕਿਊ ਆਪ੍ਰਰੇਸ਼ਨ ਅੱਜ ਸਵੇਰੇ ਖ਼ਤਮ ਹੋ ਗਿਆ। ਗੈਸ ਕਾਂਡ ਵਿਚ ਇਕ ਵਿਅਕਤੀ ਦੀ ਗੈਸ ਸਿਲੰਡਰ ਦੇ ਫੱਟਣ ਨਾਲ ਮੌਤ ਹੋ ਗਈ ਸੀ ਜਦਕਿ ਬਾਕੀ ਵਿਅਕਤੀਆਂ ਨੂੰ ਫਾਇਰ ਬ੍ਰਿਗੇਡ ਟੀਮ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਬੜੀ ਬਹਾਦਰੀ ਨਾਲ ਸੁਰੱਖਿਅਤ ਬਾਹਰ ਕੱਢ ਕੇ ਬਚਾ ਲਿਆ ਹੈ। ਫਾਇਰ ਬ੍ਰਿਗੇਡ, ਪੁਲਿਸ ਜਵਾਨਾਂ ਤੇ ਸਵਿਲ ਅਮਲੇ ਦੀ ਤੁਰੰਤ ਕਾਰਵਾਈ ਨਾਲ ਗੈਸ ਪ੍ਰਭਾਵਤ ਖੇਤਰ ਵਿਚ ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਆਈਸ ਫ਼ੈਕਟਰੀ ਵਿਚ ਧਮਾਕੇ ਤੋਂ ਬਾਅਦ ਗੈਸ ਦੇ ਰਿਸਾਵ ਦੀ ਜਿਉਂ ਹੀ ਸੂਚਨਾ ਪ੍ਰਸ਼ਾਸਨ ਨੂੰ ਮਿਲੀ ਤਾਂ ਫਾਇਰ ਬ੍ਰਿਗੇਡ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤੁਰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿਤੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ, ਐਸ.ਐਸ.ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ, ਐੱਸ.ਡੀ.ਐੱਮ. ਬਟਾਲਾ ਰੋਹਿਤ ਗੁਪਤਾ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਅਤੇ ਅਗਵਾਈ ਕੀਤੀ।