ਬਠਿੰਡਾ, 11 ਅਕਤੂਬਰ (ਸੁਖਜਿੰਦਰ ਮਾਨ) : ਪਿਛਲੇ ਇਕ ਮਹੀਨੇ ਤੋਂ ਉਤਰੀ ਭਾਰਤ 'ਚ ਸੱਭ ਤੋਂ ਵੱਧ ਚਰਚਿਤ ਹਸਤੀ ਬਣ ਚੁੱਕੀ ਹਨੀਪ੍ਰੀਤ ਕੌਰ ਅਪਣੀ ਫ਼ਰਾਰੀ ਦੌਰਾਨ ਬਠਿੰਡਾ 'ਚ ਹੀ ਠਹਿਰੀ ਸੀ। ਇਸ ਗੱਲ ਦਾ ਭੇਤ ਪੰਚਕੂਲਾ ਪੁਲਿਸ ਵਲੋਂ ਉਸ ਦੇ ਦੂਜੀ ਵਾਰ ਲਏ ਪੁਲਿਸ ਰੀਮਾਂਡ ਦੌਰਾਨ ਹੋਈ ਪੁਛਗਿਛ ਦੌਰਾਨ ਸਾਹਮਣੇ ਲਿਆਂਦਾ ਹੈ। ਪੁਲਿਸ ਕੋਲ ਪੁਛਗਿਛ ਦੌਰਾਨ ਹਨੀਪ੍ਰੀਤ ਨੇ ਪ੍ਰਗਟਾਵਾ ਕੀਤਾ ਸੀ ਕਿ ਉਹ ਅਪਣੇ ਨਾਲ ਫੜੀ ਸੁਖਦੀਪ ਕੌਰ ਦੇ ਘਰ ਵਾਲੇ ਇਕਬਾਲ ਸਿੰਘ ਦੀ ਭੂਆ ਦੇ ਘਰ ਪਿੰਡ ਜੰਗੀਰਾਣਾ ਵਿਖੇ ਠਹਿਰੇ ਹੋਏ ਸਨ। ਘਰ ਦੇ ਮਾਲਕਾਂ ਨੇ ਵੀ ਇਸ ਗੱਲ ਨੂੰ ਸਵੀਕਾਰਿਆਂ ਹੈ ਕਿ ਹਨੀਪ੍ਰੀਤ ਘਰ ਦੀ ਉਪਰਲੀ ਮੰਜਿਲ ਦੇ ਕੁੱਝ ਦਿਨ ਰਹੀ ਹੈ। ਜਿਸ ਤੋਂ ਬਾਅਦ ਇਕ ਹਫ਼ਤੇ 'ਚ ਹੀ ਪੰਚਕੂਲਾ ਪੁਲਿਸ ਅੱਜ ਦੁਪਿਹਰ ਕਰੀਬ ਸਾਢੇ 12 ਵਜੇ ਦੂਜੀ ਵਾਰ ਹਨੀਪ੍ਰੀਤ ਅਤੇ ਉਸ ਦੀ ਸਾਥਣ ਸੁਖਦੀਪ ਕੌਰ ਨੂੰ ਲੈ ਕੇ ਬਠਿੰਡਾ ਪੁੱਜੀ।