ਬੇਕਾਬੂ ਕਾਰ ਚੌਕ 'ਚ ਬਣੇ ਚੁੰਗੀ ਦੇ ਕਮਰੇ 'ਤੇ ਚੜ੍ਹੀ

ਖਾਸ ਖ਼ਬਰਾਂ

ਐਸ.ਏ.ਐਸ. ਨਗਰ, 27 ਫ਼ਰਵਰੀ (ਗੁਰਮੁਖ ਵਾਲੀਆ) : ਬਲੌਂਗੀ ਤੋਂ ਮੁਹਾਲੀ ਆਉਂਦੀ ਸੜਕ 'ਤੇ ਬਣੇ ਵੇਰਕਾ ਚੌਕ 'ਚ ਅੱਜ ਸਵੇਰੇ 4 ਵਜੇ ਦੇ ਕਰੀਬ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਅਤੇ ਥਾਈਲੈਂਡ ਦੀ ਇਕ ਲੜਕੀ ਜ਼ਖ਼ਮੀ ਹੋ ਗਏ।  ਜਾਣਕਾਰੀ ਅਨੁਸਾਰ ਖਰੜ ਵਲੋਂ ਆ ਰਹੀ ਸ਼ੇਵਰਲੈਟ ਕਾਰ ਸਵੇਰੇ 4 ਵਜੇ ਦੇ ਕਰੀਬ ਵੇਰਕਾ ਚੌਕ ਵਿਚ ਆ ਕੇ ਬੇਕਾਬੂ ਹੋ ਗਈ ਅਤੇ ਕਈ ਪਲਟੀਆਂ ਖਾਣ ਤੋਂ ਬਾਅਦ ਕਾਰ ਚੌਕ ਉਪਰ ਚੜ੍ਹ ਕੇ ਉਥੇ ਬਣੇ ਇਕ ਕਮਰੇ ਉਪਰ ਜਾ ਚੜ੍ਹੀ।

 ਇਸ ਹਾਦਸੇ ਵਿਚ ਕਾਰ ਚਲਾ ਰਿਹਾ ਨੌਜਵਾਨ ਸੁਖਵਿੰਦਰ ਸਿੰਘ ਵਾਸੀ ਮਕਸੂਦਾਂ ਜਲੰਧਰ ਅਤੇ ਉਸ ਦੇ ਨਾਲ ਬੈਠੀ ਥਾਈਲੈਂਡ ਦੀ ਇਕ ਲੜਕੀ ਜ਼ਖ਼ਮੀ ਹੋ ਗਏ। ਜਾਂਚ ਅਧਿਕਾਰੀ ਰਾਮ ਸੰਜੀਵਨ ਨੇ ਦਸਿਆ ਕਿ ਦੋਵਾਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਚ ਦਾਖ਼ਲ ਕਰਵਾ ਦਿਤਾ ਗਿਆ ਹੈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।