ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 'ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਲੋਂ ਲਗਾਏ ਗਏ ਦੋਸ਼ਾਂ ਨੇ ਪਿਛਲੇ ਕੁੱਝ ਦਿਨਾਂ ਵਿਚ ਖੂਬ ਸੁਰਖੀਆਂ ਬਟੋਰੀਆਂ ਹਨ। ਮੰਗਲਵਾਰ ਨੂੰ ਕੋਲਕਾਤਾ ਵਿਚ ਜਦੋਂ ਹਸੀਨ ਜਹਾਂ ਸੰਪਾਦਕਾਂ ਨਾਲ ਮੁਖਾਤੀਬ ਹੋਈ ਤਾਂ ਉਨ੍ਹਾਂ ਨੇ ਮੀਡੀਆ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ।
ਕੋਲਕਾਤਾ ਵਿਚ ਸੇਂਟ ਸਟੇਫਨ ਸਕੂਲ ਪਹੁੰਚੀ ਹਸੀਨ ਜਹਾਂ ਕੋਲ ਜਦੋਂ ਮੀਡੀਆ ਕਰਮਚਾਰੀ ਪੁਜੇ ਤਾਂ ਉਹ ਉਨ੍ਹਾਂ ਉੱਤੇ ਚੀਖ ਉਠੀ। ਇਸ ਦੌਰਾਨ ਉਨ੍ਹਾਂ ਨੇ ਇਕ ਵੀਡੀਓ ਕੈਮਰਾ ਤੋੜ ਦਿਤਾ। ਕੈਮਰਾ ਤੋੜਨ ਦੇ ਬਾਅਦ ਹਸੀਨ ਜਹਾਂ ਆਪਣੀ ਐਸ.ਯੂ.ਵੀ. ਵਿਚ ਬੈਠ ਕੇ ਉਥੋਂ ਚਲੀ ਗਈ।
ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਆਪਣੇ ਪਤੀ ਮੁਹੰਮਦ ਸ਼ਮੀ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ ਸ਼ਮੀ ਉਤੇ ਐਕਸਟਰਾ ਮੈਰੀਟਲ ਅਫੇਅਰ ਰਖਣ ਅਤੇ ਘਰੇਲੂ ਹਿੰਸਾ ਦੇ ਸੰਗੀਨ ਇਲਜ਼ਾਮ ਲਗਾਏ ਹਨ। ਹਸੀਨ ਜਹਾਂ ਦੇ ਫੇਸਬੁੱਕ ਪੇਜ ਉਤੇ ਇਸ ਨਾਲ ਸਬੰਧਤ ਇਕ ਪੋਸਟ ਵੀ ਕੀਤਾ ਗਿਆ ਹੈ, ਜਿਸ ਵਿਚ ਵਟਸਐਪ ਦੇ ਸਕ੍ਰੀਨ ਸ਼ਾਟਸ ਸ਼ੇਅਰ ਕੀਤੇ ਗਏ ਸਨ।
ਹਸੀਨ ਜਹਾਂ ਨੇ ਇਸ ਮਾਮਲੇ ਵਿਚ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕਰਾਈ ਸੀ। ਮੰਗਲਵਾਰ ਨੂੰ ਹੀ ਹਸੀਨ ਜਹਾਂ ਨੂੰ ਅਪਣਾ ਬਿਆਨ ਮੈਜਿਸਟਰੇਟ ਸਾਹਮਣੇ ਦਰਜ਼ ਕਰਵਾਉਣਾ ਹੈ।
ਦੂਜੇ ਪਾਸੇ ਸ਼ਮੀ ਲਗਾਤਾਰ ਅਪਣੇ ਬਚਾਅ ਵਿਚ ਬਿਆਨ ਦੇ ਰਹੇ ਹਨ। ਮੁਹੰਮਦ ਸ਼ਮੀ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਅਪਣੀ ਪਤਨੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇਸ ਮਸਲੇ ਉਤੇ ਗੱਲ ਕਰਨਾ ਚਾਹੁੰਦੇ ਹਨ।