ਭਾਰਤ - ਆਸਟ੍ਰੇਲੀਆ ਦੇ ਵਿੱਚ ਇੰਦੌਰ ਮੈਚ ਦੀ ਟਿਕਟ ਦਰਾਂ ਘੋਸ਼ਿਤ

ਖਾਸ ਖ਼ਬਰਾਂ

ਇੰਦੌਰ- ਮੱਧ ਪ੍ਰਦੇਸ਼ ਕ੍ਰਿਕਟ ਸੰਗਠਨ (ਐੱਮ.ਪੀ.ਸੀ.ਏ.) ਨੇ ਸਥਾਨਕ ਹੋਲਕਰ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 24 ਸਤੰਬਰ ਨੂੰ ਖੇਡੇ ਜਾਣ ਵਾਲੇ ਇਕ ਰੋਜ਼ਾ ਕੌਮਾਂਤਰੀ ਮੈਚ ਦੇ ਲਈ ਟਿਕਟਾਂ ਦੀਆਂ ਦਰਾਂ ਐਲਾਨ ਦਿੱਤੀਆਂ ਗਈਆਂ ਹਨ। ਇਸ ਮੁਕਾਬਲੇ ਦਾ ਗਵਾਹ ਬਣਨ ਦੀ ਇੱਛਾ ਰੱਖਣ ਵਾਲੇ ਦਰਸ਼ਕਾਂ ਨੂੰ ਵੱਖੋ-ਵੱਖ ਸ਼੍ਰੇਣੀਆਂ ਦੇ ਟਿਕਟ 250 ਰੁਪਏ ਤੋਂ ਲੈ ਕੇ 5,120 ਰੁਪਏ ਤੱਕ ਅਦਾ ਕਰਨੇ ਹੋਣਗੇ। 

ਇਸ 'ਚ 28 ਫੀਸਦੀ ਦੀ ਦਰ ਨਾਲ ਵਸੂਲਿਆ ਜਾਣ ਵਾਲਾ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਵੀ ਸ਼ਾਮਲ ਹਨ। ਐੱਮ.ਪੀ.ਸੀ.ਏ. ਦੇ ਸਕੱਤਰ ਮਿਲਿੰਦ ਕਨਮੜੀਕਰ ਨੇ ਅੱਜ ਦੱਸਿਆ, ''ਲਗਭਗ 28,500 ਦਰਸ਼ਕਾਂ ਦੀ ਸਮਰਥਾ ਵਾਲੇ ਹੋਲਕਰ ਸਟੇਡੀਅਮ 'ਚ ਭਾਰਤ-ਆਸਟ੍ਰੇਲੀਆ ਮੈਚ ਦੀਆਂ ਕਰੀਬ 20,000 ਟਿਕਟਾਂ ਵਿਕਰੀ ਦੇ ਲਈ ਉਪਲਬਧ ਰਹਿਣਗੀਆਂ। 

ਟਿਕਟਾਂ ਦੀ ਵਿਕਰੀ ਆਨਲਾਈਨ ਤਰੀਕੇ ਨਾਲ ਅਤੇ ਕੈਸ਼ ਕਾਊਂਟਰਾਂ ਦੋਹਾਂ ਤਰੀਕਿਆਂ ਨਾਲ ਕੀਤੀ ਜਾਵੇਗੀ। ਅਸੀਂ ਟਿਕਟਾਂ ਦੀ ਵਿਕਰੀ ਦੀ ਮਿਤੀ ਛੇਤੀ ਹੀ ਐਲਾਨਾਂਗੇ।''ਕਨਮੜੀਕਰ ਨੇ ਦੱਸਿਆ ਕਿ ਭਾਰਤ-ਆਸਟ੍ਰੇਲੀਆ ਮੈਚ ਦੇ ਦੌਰਾਨ ਹੋਲਕਰ ਸਟੇਡੀਅਮ 'ਚ ਅਪਾਹਜ ਅਤੇ ਮਹਿਲਾ ਦਰਸ਼ਕਾਂ ਦੇ ਲਈ ਅਲਗ ਬੈਠਣ ਦੀ ਵਿਵਸਥਾ ਕੀਤੀ ਜਾਵੇਗੀ। 

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਇਕ ਰੋਜ਼ਾ ਸੀਰੀਜ਼ 17 ਸਤੰਬਰ ਤੋਂ ਸ਼ੁਰੂ ਹੋਵੇਗੀ। ਇੰਦੌਰ 'ਚ 24 ਸਤੰਬਰ ਨੂੰ ਖੇਡਿਆ ਜਾਣ ਵਾਲਾ ਮੈਚ ਸੀਰੀਜ਼ ਦਾ ਤੀਜਾ ਮੈਚ ਹੋਵੇਗਾ।