ਭਾਰਤ ‘ਚ ਦੌੜੇਗੀ ਬੁਲੇਟ ਟ੍ਰੇਨ , ਮੋਦੀ ਤੇ ਸਿੰਜੋ ਅਬੇ ਨੇ ਪ੍ਰੋਜੈਕਟ ਦਾ ਕੀਤਾ ਉਦਘਾਟਨ

ਖਾਸ ਖ਼ਬਰਾਂ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨੇ ਅਹਿਮਦਾਬਾਦ ‘ਚ ਇਕ ਸ਼ਾਨਦਾਰ ਸਮਾਗਮ ‘ਚ ਅਹਿਮਦਾਬਾਦ-ਮੁੰਬਈ ਹਾਈ ਸਪੀਡ ਬੁਲੇਟ ਟ੍ਰੇਨ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਤੋਂ ਪਹਿਲਾ ਦੋਵੇਂ ਨੇਤਾਵਾਂ ਨੇ ਹਾਈ ਸਪੀਡ ਰੇਲ ਦੇ ਮਾਡਲ ਦਾ ਮੁਆਇਨਾ ਕੀਤਾ। ਇਹ ਬੁਲੇਟ ਟ੍ਰੇਨ ਜਾਪਾਨ ਦੀ ਮਦਦ ਨਾਲ ਬਣਾਈ ਜਾ ਰਹੀ ਹੈ। ਜੋ ਭਾਰਤ ਵਿਚ ਪਹਿਲੀ ਬੁਲੇਟ ਟ੍ਰੇਨ ਹੋਵੇਗੀ। ਜਾਪਾਨ ਦੇ ਪੀਐਮ ਸ਼ਿੰਜੋ ਆਬੇ ਦਾ ਭਾਰਤ ‘ਚ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਮੰਗਲਵਾਰ ਸ਼ਾਮ ਨੂੰ ਇਸ ਬਾਰੇ ਵਿੱਚ ਕਈ ਟਵੀਟ ਕੀਤੇ ਸੀ। 

ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਜਾਪਾਨ ਦੇ ਨਾਲ ਆਪਸੀ ਸੰਬੰਧ ਨੂੰ ਸਹੀ ਮਹੱਤਵ ਦਿੰਦਾ ਹਾਂ। ਦੋਨੇਂ ਦੇਸ਼ ਆਪਣੇ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਤਿਆਰ ਹਨ। 14 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਅਹਿਮਦਾਬਾਦ ‘ਚ ਬੁਲੇਟ ਟ੍ਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਦਿੱਤਾ ਹੈ।ਭਾਰਤ ‘ਚ ਇਹ ਪ੍ਰੋਜੈਕਟ ਜਾਪਾਨ ਦੀ ਮਦਦ ਨਾਲ ਸ਼ੁਰੂ ਹੋ ਰਿਹਾ ਹੈ। 

ਜਾਪਾਨ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਭਾਰਤ ਨੂੰ 88 ਹਜ਼ਾਰ ਕਰੋੜ ਰੁਪਏ ਦਾ ਸਾਫਟ ਲੋਨ ਦੇਵੇਗਾ, ਜਿਹੜਾ 50 ਸਾਲਾਂ ਤਕ ਲਈ ਹੋਵੇਗਾ। ਇਹ ਟ੍ਰੇਨ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ 508 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਤੋਂ ਬਾਅਦ ਬੁਲੇਟ ਟ੍ਰੇਨ ਹੋਰ ਸ਼ਹਿਰਾਂ ‘ਚ ਵੀ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਜਾਵੇਗੀ। ਬੁਲੇਟ ਟ੍ਰੇਨ ‘ਚ ਇਕੋ ਵੇਲੇ 750 ਲੋਕ ਇੱਕਠੇ ਯਾਤਰਾ ਕਰ ਸਕਣਗੇ ਅਤੇ ਹਰ ਦਿਨ 36,000 ਲੋਕ ਇਸ ‘ਚ ਆਪਣੀ ਯਾਤਰਾ ਪੂਰੀ ਕਰ ਸਕਣਗੇ। 

ਇਹ ਟ੍ਰੇਨ ਸਾਬਰਮਤੀ ਰੇਲਵੇ ਸਟੇਸ਼ਨ ਤੋਂ ਬਾਂਦ੍ਰਾ ਕੁਰਲਾ ਕੰਪਲੈਕਸ ਮੁੰਬਈ ਵਿਚਕਾਰ 508 ਕਿਮੀ. ਦੀ ਦੂਰੀ ਤੈਅ ਕਰੇਗੀ। ਇਸ ਦੌਰਾਨ ਇਹ 4 ਸਟੇਸ਼ਨਾਂ ‘ਤੇ ਰੁਕਦੇ ਹੋਏ 2 ਘੰਟੇ 7 ਮਿੰਟ ‘ਚ ਸਾਰਾ ਸਫਰ ਪੂਰਾ ਕਰ ਲਵੇਗੀ। ਇਸ ਤੋਂ ਇਲਾਵਾ 12 ਸਟੇਸ਼ਨ ਪ੍ਰਸਤਾਵਿਤ ਕੀਤੇ ਗਏ ਹਨ। ਇਨ੍ਹਾਂ ਸਾਰੇ 12 ਸਟੇਸ਼ਨਾਂ ‘ਤੇ ਰੁਕਣ ‘ਤੇ ਵੀ ਪੂਰੀ ਦੂਰੀ 2 ਘੰਟੇ 58 ‘ਚ ਕਵਰ ਹੋ ਜਾਵੇਗੀ।

ਰੇਲ ਮੰਤਰੀ ਦਾ ਕਹਿਣਾ ਹੈ ਕਿ ਹੋਰ ਮਾਰਗਾਂ ‘ਤੇ ਬੁਲੇਟ ਟ੍ਰੇਨ ਚਲਾਉਣ ਲਈ ਅਹਿਮਦਾਬਾਦ-ਮੁੰਬਈ ਮਾਰਗ ‘ਤੇ ਕੰਮ ਪੂਰਾ ਹੋਣ ਦੀ ਉਡੀਕ ਨਹੀਂ ਕੀਤੀ ਜਾਵੇਗੀ ਸਗੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹੋਰ ਮਾਰਗਾਂ ‘ਚ ਦਿੱਲੀ-ਕੋਲਕਾਤਾ, ਦਿੱਲੀ-ਮੁੰਬਈ, ਦਿੱਲੀ-ਚੰਡੀਗੜ੍ਹ, ਮੁੰਬਈ-ਨਾਗਪੁਰ ਅਤੇ ਦਿੱਲੀ-ਨਾਗਪੁਰ ਹਨ।