ਭਾਰਤ ਦੌਰੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਦਰਬਾਰ ਸਾਹਿਬ ਆਉਣ ਦੀ ਸੰਭਾਵਨਾ

ਖਾਸ ਖ਼ਬਰਾਂ

ਅੰਮ੍ਰਿਤਸਰ, 31 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜ ਰੋਜ਼ਾ ਸਰਕਾਰੀ ਦੌਰੇ 'ਤੇ 17 ਤੋਂ 23 ਫ਼ਰਵਰੀ ਨੂੰ ਭਾਰਤ ਪੁੱਜ ਰਹੇ ਹਨ। ਭਾਰਤ ਯਾਤਰਾ ਦੌਰਾਨ ਜਸਟਿਨ ਟਰੂਡੋ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੀ ਸੰਭਾਵਨਾ ਹੈ ਤੇ ਇਸ ਸਬੰਧੀ ਨਵੀ ਦਿੱਲੀ ਸਥਿਤ ਕੈਨੇਡਾ ਦੇ ਸਫ਼ਾਰਤਖ਼ਾਨੇ ਦੇ ਉੱਚ ਅਧਿਕਾਰੀਆਂ ਦੀ ਟੀਮ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਦਰਬਾਰ ਸਾਹਿਬ ਪੁੱਜ ਕੇ ਸੁਰੱਖਿਆ ਤੇ ਪਰੋਟੋਕੋਲ ਸੰਬੰਧੀ ਬੈਠਕਾਂ ਪ੍ਰਸਾਸ਼ਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਰ ਚੁੱਕੀ ਹੈ। ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਦੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਬੰਧੀ ਸਰਕਾਰੀ ਤੌਰ ਤੇ ਅਜੇ ਤਰੀਕ ਤੈਅ ਨਹੀਂ ਹੋਈ ਪਰ ਅਗਲੇ ਦਿਨਾਂ 'ਚ ਇਸ ਦਾ ਬਕਾਇਦਾ ਐਲਾਨ ਹੋਣ ਦੀ ਸੰਭਾਵਨਾ ਹੈ। ਜਸਟਿਨ ਟਰੂਡੋ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜੀਨ ਕਰੇਸ਼ੀਅਨ, ਸਟੀਫਨ ਹਾਰਪਰ ਦਰਬਾਰ ਸਾਹਿਬ ਨਤਮਸਤਕ ਹੋ ਚੁੱਕੇ ਹਨ। ਚਰਚਿਤ ਕੈਨੇਡਾ ਦੇ ਸਿੱਖ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਨਵਦੀਪ ਸਿੰਘ ਬੈਂਸ ਅਤੇ ਕੁੱਝ ਦਿਨ ਪਹਿਲਾਂ ਐਮ ਪੀ ਪੈਟਰਿਕ ਵਾਲਟਰ ਬਰਾਊਨ ਵੀ ਗੁਰੂ ਘਰ ਮੱਥਾ ਟੇਕਣ ਆਏ ਸਨ। ਪੈਟਰਿਕ ਬਰਾਊਨ ਪ੍ਰੋਗਰੈਸਿਵ ਕੰਜਰਵੇਟਿਟ ਪਾਰਟੀ ਨਾਲ ਸਬੰਧਤ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਨਾਲ ਸਬੰਧਤ ਹਨ। ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ ਦੀ ਧਰਤੀ ਤੇ ਵੱਡੀ ਗਿਣਤੀ 'ਚ ਪੰਜਾਬੀ ਅਤੇ ਖਾਸ ਕਰਕੇ ਸਿੱਖ ਵੈਸੇ ਹਨ ਅਤੇ ਜੂਨ 2018 'ਚ ਕੈਨੇਡਾ ਦੀਆਂ ਚੋਣਾਂ ਵੀ ਹੋ ਰਹੀਆ ਹਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦੇ ਮੱਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਸਿੱਧ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਸਵਾ ਲੱਖ ਦੇ ਕਰੀਬ ਸ਼ਰਧਾਲੂ ਪੁੱਜਦੇ ਹਨ। ਇਹ ਵੀ ਜਿਕਰਯੋਗ ਹੈ ਕਿ ਜਸਟਿਨ ਟਰੂਡੋ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਪਿਰੇ ਟਰੂਡੋ ਦੇ ਬੇਟੇ ਹਨ। 

ਜਸਟਿਨ ਟਰੂਡੋ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੇ 2015 'ਚ ਇਤਿਹਾਸਕ ਜਿੱਤ ਦਰਜ਼ ਕੀਤੀ ਸੀ ਅਤੇ ਉਹ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ। ਜਸਟਿਨ ਟਰੂਡੋ ਦਾ ਜਨਮ 25 ਦਸੰਬਰ 1971 ਨੂੰ ਉਟਾਵਾ, ਕੈਨੇਡਾ ਵਿਖੇ ਹੋਇਆ। ਜਸਟਿਨ ਟਰੂਡੋ ਦਾ ਵਿਆਹ ਕੈਨੇਡਾ ਟੀ ਬੀ ਅਤੇ ਰੇਡਿਉ ਹੋਸਟ ਸੋਫੀ ਗ੍ਰੀਗੋਰੇ ਨਾਲ ਸੰਨ 2005 ਵਿਚ ਹੋਇਆ। ਉਨ੍ਹਾਂ ਦੇ 3 ਬੱਚੇ ਹਨ ਜਿੰਨ੍ਹਾਂ ਦੇ ਨਾਂਅ ਐਗਜਾਇਵਰ, ਐਲਾਗ੍ਰੇਸ, ਹੈਡਰਿਨ ਹਨ। ਜਸਟਿਨ ਟਰੂਡੋ ਦੇ ਮਾਪਿਆਂ ਪਿਰੇ ਟਰੂਡੋ ਅਤੇ ਮਾਰਗ੍ਰੇਟ ਆਪਸ ਵਿਚ ਵੱਖ 1977 ਵਿਚ ਹੋਏ ਅਤੇ ਤਲਾਕ 1984 ਵਿਚ ਹੋਇਆ। ਜਸਟਿਨ ਟਰੂਡੋ ਆਪਣੇ ਪਿਤਾ ਪਿਰੇ ਟਰੂਡੋ ਨਾਲ ਚਲੇ ਗਿਆ। ਉਨ੍ਹਾਂ ਦੇ ਨਾਲ ਛੋਟਾ ਭਰਾ ਅਲੈਗਜੰਡਰ ਵੀ ਨਾਲ ਗਿਆ। ਜਸਟਿਨ ਟਰੂਡੋ 1994 ਵਿਚ ਗਰੈਜੂਏਟ ਹੋਏ ਅਤੇ ਉਨ੍ਹਾ ਕਈ ਨੌਕਰੀਆਂ ਕੀਤੀਆਂ, ਜਿੰਨ੍ਹਾਂ ਵਿਚ ਉਹ ਹਿਸਾਬ ਦੇ ਟੀਚਰ, ਰੇਡਿਉ ਹੋਸਟ ਆਦਿ ਸ਼ਾਮਲ ਹਨ। ਐਜੂਕੇਸ਼ਨ ਵਿਚ ਜਸਟਿਨ ਟਰੂਡੋ ਨੇ ਡਿਗਰੀ ਸਾਲ 1998 ਵਿਚ ਕੀਤੀ ਅਤੇ ਇਸ ਸਾਲ ਹੀ ਉਸ ਦਾ ਭਰਾ ਮਿਚਲ ਅਲੈਗਜੰਡਰ ਦੀ ਮੌਤ ਬਰਫ਼ ਦਾ ਤੋਂਦਾ ਡਿੱਗਣ ਨਾਲ ਹੋ ਗਈ। ਇਸ ਕਰ ਕੇ ਹੀ ਜਸਟਿਨ ਟਰੂਡੋ ਬਰਫ ਦੀਆਂ ਪਹਾੜੀਆਂ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਨ। ਸਿਆਸੀ ਖੇਤਰ ਵਿਚ ਜਸਟਿਨ ਟਰੂਡੋ ਨੇ ਪੈਰ ਸਾਲ 2006 ਵਿਚ ਰਖਿਆ ਅਤੇ ਉਨ੍ਹਾ ਲਿਬਰਲ ਪਾਰਟੀ 'ਚ ਜਾਣ ਨੂੰ ਤਰਜੀਹ ਦਿਤੀ।