ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 3-1 ਨਾਲ ਦਿੱਤੀ ਮਾਤ

ਖਾਸ ਖ਼ਬਰਾਂ

ਸੋਲ : ਭਾਰਤੀ ਮਹਿਲਾ ਹਾਕੀ ਟੀਮ ਨੇ ਆਲ ਰਾਊਂਡ ਪ੍ਰਦਰਸ਼ਨ ਕਰਦੇ ਹੋਏ ਪੰਜ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ 'ਚ ਅੱਜ ਇੱਥੇ ਆਪਣੇ ਤੋਂ ਉੱਚੀ ਰੈਂਕਿੰਗ ਦੀ ਕੋਰੀਆਈ ਟੀਮ 'ਤੇ 3-1 ਨਾਲ ਜਿੱਤ ਦਰਜ ਕੀਤੀ। ਦੁਨੀਆ ਦੀ ਦਸਵੇਂ ਨੰਬਰ ਨੰਬਰ ਦੀ ਟੀਮ ਨੇ ਇਸ ਸੀਰੀਜ਼ 'ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ ਅਤੇ ਇਸ ਦਾ ਅੰਤਿਮ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।



ਪਹਿਲੇ ਕੁਆਰਟਰ 'ਚ ਗੁਰਜੀਤ ਕੌਰ (ਦੂਜੇ ਮਿੰਟ) ਅਤੇ ਦੀਪਿਕਾ (14ਵੇਂ ਮਿੰਟ) ਨੇ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਪੂਨਮ ਰਾਨੀ ਨੇ 47ਵੇਂ ਮਿੰਟ 'ਚ ਮੈਦਾਨੀ ਗੋਲ ਦਾਗਿਆ। ਮੇਜ਼ਬਾਨਾਂ ਲਈ ਮਿ ਹੁਨ ਪਾਰਕ ਨੇ 57ਵੇਂ ਮਿੰਟ 'ਚ ਪਹਿਲਾ ਗੋਲ ਕੀਤਾ। ਮੈਚ ਦੇ ਸ਼ੁਰੂ 'ਚ ਭਾਰਤ ਨੇ ਦੱਖਣੀ ਕੋਰੀਆਈ ਡਿਫੈਂਸ 'ਤੇ ਦਬਾਅ ਬਣਾ ਲਿਆ ਅਤੇ ਦੂਜੇ ਹੀ ਮਿੰਟ 'ਚ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ਨੂੰ ਗੁਰਜੀਤ ਕੌਰ ਨੇ ਗੋਲ 'ਚ ਤਬਦੀਲ ਕੀਤਾ। ਦੱਖਣੀ ਕੋਰੀਆ ਨੂੰ ਹਾਲਾਂਕਿ ਚੌਥੇ ਹੀ ਮਿੰਟ 'ਚ ਬਰਾਬਰੀ ਕਰਨ ਦਾ ਮੌਕਾ ਮਿਲਿਆ ਪਰ ਪੈਨਲਟੀ ਕਾਰਨਰ ਦਾ ਇਹ ਸ਼ਾਟ ਵਾਈਡ ਨਿਕਲ ਗਿਆ।



ਭਾਰਤੀ ਗੋਲਕੀਪਰ ਸਵਾਤੀ ਨੇ 10ਵੇਂ ਮਿੰਟ 'ਚ ਇਕ ਹੋਰ ਪੈਨਲਟੀ ਕਾਰਨਰ ਦਾ ਬਚਾਅ ਕੀਤਾ। ਭਾਰਤ ਨੇ 14ਵੇਂ ਮਿੰਟ 'ਚ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ 'ਤੇ ਦੀਪਿਕਾ ਨੇ ਗੋਲ ਕਰਕੇ ਟੀਮ ਨੂੰ ਪਹਿਲੇ ਕੁਆਰਟਰ 'ਚ 2-0 ਦੀ ਬੜ੍ਹਤ ਦਿਵਾ ਦਿੱਤੀ। ਦੂਜੇ ਕੁਆਰਟਰ 'ਚ ਦੋਵੇਂ ਟੀਮਾਂ ਮੌਕੇ ਜੁਟਾਉਂਦੀਆਂ ਰਹੀਆਂ। ਪਰ ਕੋਈ ਵੀ ਮੁਕਾਬਲੇਬਾਜ਼ ਗੋਲਕੀਪਰ ਨੂੰ ਪਸਤ ਨਹੀਂ ਕਰ ਸਕੀ। ਹਾਫ ਟਾਈਮ ਤੱਕ ਭਾਰਤ ਦੀ 2 ਗੋਲਾਂ ਦੀ ਬੜ੍ਹਤ ਬਰਕਰਾਰ ਰਹੀ। ਤੀਜੇ ਕੁਆਰਟਰ 'ਚ ਵੀ ਇਹੋ ਹਾਲ ਰਿਹਾ, ਮੇਜ਼ਬਾਨ ਟੀਮ ਨੇ ਇਸ 'ਚ ਕਈ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀਆਂ ਨੇ ਤੀਜਾ ਗੋਲ ਕਰਕੇ ਦਬਦਬਾ ਬਣਾ ਲਿਆ। ਵੰਦਨਾ ਕਟਾਰੀਆ ਦੇ ਪਾਸ 'ਤੇ ਪੂਨਮ ਰਾਨੀ ਨੇ 47ਵੇਂ ਮਿੰਟ 'ਚ ਗੋਲ ਦਾਗਿਆ।