ਭਾਰਤੀ ਇੰਜੀਨੀਅਰ ਹਾਮਿਦ ਅੰਸਾਰੀ ਦੀ ਮਾਂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਲ ਹੁਸੈਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੇਟੇ ਦੀ ਬਾਕੀ ਸਜ਼ਾ ਨੂੰ ਮੁਆਫ ਕਰ ਦੇਣ। ਪਾਕਿ ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿਚ ਹਾਮਿਦ ਦੀ ਮਾਂ ਨੇ ਕਿਹਾ ਹੈ 'ਮੋਹਤਰਮ ਸਰਦਾਰ, ਤੁਹਾਡੀ ਸਰਕਾਰ ਨੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਵੀ ਮੁਆਫ ਕੀਤਾ ਹੈ।
ਜਿਨ੍ਹਾਂ ਨੇ ਹਾਮਿਦ ਦੀ ਤੁਲਨਾ ਵਿਚ ਕਾਫੀ ਗੰਭੀਰ ਅਪਰਾਧ ਕੀਤੇ ਹਨ। ਜੇਕਰ ਤੁਸੀਂ ਹਾਮਿਦ ਦੀ ਬਾਕੀ ਸਜ਼ਾ ਨੂੰ ਮੁਆਫ ਕਰ ਦਿਓ ਤਾਂ ਮਨੁੱਖਤਾ ਦਿਖਾਉਣ ਲਈ ਪਾਕਿਸਤਾਨ ਦੀ ਸਾਖ ਕਾਫੀ ਵਧ ਜਾਵੇਗੀ। ਇਹ ਹੀ ਨਹੀਂ ਇਸ ਪਹਿਲ ਨਾਲ ਭਾਰਤੀ ਜੇਲਾਂ ਵਿਚ ਕੈਦ ਪਾਕਿਸਤਾਨੀ ਨਾਗਰਿਕਾਂ ਲਈ ਵੀ ਰਾਹਤ ਦੀ ਸੰਭਾਵਨਾ ਵਧ ਸਕਦੀ ਹੈ।
ਦੱਸਣਯੋਗ ਹੈ ਕਿ ਮੁੰਬਈ ਦਾ ਇੰਜੀਨੀਅਰ ਹਾਮਿਦ ਅੰਸਾਰੀ ਸਾਲ 2012 ਵਿਚ ਕਥਿਤ ਤੌਰ 'ਤੇ ਇਕ ਪਾਕਿਸਤਾਨੀ ਕੁੜੀ ਨੂੰ ਮਿਲਣ ਲਈ ਅਫਗਾਨਿਸਤਾਨ ਤੋਂ ਪਾਕਿਸਤਾਨ ਵਿਚ ਪ੍ਰਵੇਸ਼ ਕਰ ਗਿਆ ਸੀ। ਇਸ ਕੁੜੀ ਨਾਲ ਆਨਲਾਈਨ ਗੱਲਬਾਤ ਜ਼ਰੀਏ ਉਸ ਦੀ ਦੋਸਤੀ ਹੋਈ ਸੀ।
ਬਾਅਦ ਵਿਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਸ਼ੱਕੀ ਪ੍ਰਵੇਸ਼ ਨੂੰ ਲੈ ਕੇ ਉਸ ਨੂੰ 3 ਸਾਲ ਦੀ ਸਜ਼ਾ ਸੁਣਾ ਦਿੱਤੀ, ਜਿਸ ਨੂੰ ਉਹ 15 ਦਸੰਬਰ 2015 ਤੋਂ ਕੱਟ ਰਿਹਾ ਹੈ। ਇਹ ਸਜ਼ਾ ਅਗਲੇ ਸਾਲ 14 ਦਸੰਬਰ ਨੂੰ ਖਤਮ ਹੋਣ ਵਾਲੀ ਹੈ।