ਭਾਰਤੀ ਫੁੱਟਵਾਲ ਟੀਮ ਫੀਫਾ ਰੈਂਕਿੰਗ 'ਚ 99ਵੇਂ ਸਥਾਨ 'ਤੇ

ਨਵੀਂ ਦਿੱਲੀ : ਫ਼ੀਫਾ ਦੀ ਤਾਜ਼ਾ ਰੈਕਿੰਗ 'ਚ ਭਾਰਤੀ ਫੁੱਟਵਾਲ ਟੀਮ ਅਪਣੇ ਚੰਗੇ ਪ੍ਰਦਰਸ਼ਨ ਦੇ ਸਦਕਾ ਟਾਪ 100 ਵਿਚ ਸ਼ਾਮਲ ਹੋ ਗਈ ਹੈ। ਬੀਤੇ ਸਾਲ ਭਾਰਤੀ ਟੀਮ ਟਾਪ 100 ਵਿਚ ਸ਼ਾਮਲ ਹੋਣ ਵਿਚ ਨਾਕਾਮ ਰਹੀ ਸੀ ਤੇ ਹੁਣ ਛੇ ਅੰਕ ਹਾਸਲ ਕਰ ਕੇ 102 ਤੋਂ 99ਵੇਂ ਸਥਾਨ ਤੇ ਆ ਗਈ। ਇਹ ਪਿਛਲੇ ਇਕ ਸਾਲ 'ਚ ਦੂਜਾ ਮੌਕਾ ਹੈ ਜਦੋਂ ਭਾਰਤ ਚੋਟੀ ਦੇ 100 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ। ਭਾਰਤ ਤਿੰਨ ਪਾਇਦਾਨ ਅੱਗੇ ਵਧਿਆ ਜਿਸ ਨਾਲ ਉਹ ਸਾਲ 2018 'ਚ ਪਹਿਲੀ ਵਾਰ ਚੋਟੀ ਦੇ 100 'ਚ ਪਹੁੰਚਿਆ।



 ਪਿਛਲੇ ਮਹੀਨੇ ਤਕ ਟੀਮ 102ਵੇਂ ਸਥਾਨ 'ਤੇ ਸੀ ਪਰ 6 ਅੰਕ ਹਾਸਲ ਕਰਕੇ ਟੀਮ ਨੂੰ ਰੈਂਕਿੰਗ 'ਚ ਫਾਇਦਾ ਮਿਲਿਆ। ਭਾਰਤ ਦੇ ਹੁਣ ਕੁਲ 339 ਅੰਕ ਹਨ। ਹਾਲ 'ਚ ਏ.ਐੱਫ.ਸੀ. ਕੱਪ ਕੁਆਲੀਫਾਇਰਸ 2019 'ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਲੀਬੀਆ ਦੇ ਨਾਲ ਸੰਯੁਕਤ 99ਵੇਂ ਸਥਾਨ 'ਤੇ ਹੈ। ਭਾਰਤ ਆਪਣਾ ਅਗਲਾ ਮੈਚ ਹੁਣ 27 ਮਾਰਚ ਨੂੰ ਕਿਰਗੀਜ਼ ਗਣਰਾਜ ਦੇ ਖ਼ਿਲਾਫ਼ ਬਿਸਕੇਕ 'ਚ ਖੇਡੇਗਾ। ਇਸ ਏ.ਐੱਫ.ਸੀ. ਕੱਪ 2019 ਦੇ ਕੁਆਲੀਫਾਇੰਗ ਮੈਚ 'ਚ ਜਿੱਤ ਦਰਜ ਕਰਕੇ ਭਾਰਤੀ ਟੀਮ ਆਪਣੀ ਰੈਂਕਿੰਗ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਉਹ ਟੂਰਨਾਮੈਂਟ ਦੇ ਲਈ ਪਹਿਲੇ ਹੀ ਕੁਆਲੀਫਾਈ ਕਰ ਚੁੱਕੀ ਹੈ।  



ਭਾਰਤ ਦੀ ਸਰਵਸ਼੍ਰੇਸ਼ਟ ਰੈਂਕਿੰਗ 94 ਹੈ ਜੋ ਉਸ ਨੇ 1996 'ਚ ਹਾਸਲ ਕੀਤੀ ਸੀ। ਸਟੀਫਨ ਕਾਂਸਟੇਨਟਾਈਨ ਦੀ ਕੋਚਿੰਗ ਵਾਲੀ ਟੀਮ 2017 'ਚ 96ਵੇਂ ਸਥਾਨ ਪਹੁੰਚੀ ਸੀ ਪਰ ਉਹ ਅਪਣੇ ਇਸ ਸਥਾਨ ਨੂੰ ਬਰਕਰਾਰ ਰੱਖਣ 'ਚ ਅਸਫਲ ਰਹੀ ਸੀ। ਭਾਰਤ ਏਸ਼ੀਆਈ ਫੁੱਟਬਾਲ ਮਹਾਸੰਘ (ਏ.ਐੱਫ.ਸੀ.) ਦੇ ਦੇਸ਼ਾਂ ਦੀ ਰੈਂਕਿੰਗ 'ਚ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਸੂਚੀ 'ਚ ਈਰਾਨ (ਓਵਰਆਲ 33ਵੇਂ) ਅਤੇ ਆਸਟਰੇਲੀਆ (37ਵੇਂ) ਚੋਟੀ ਦੇ 50 'ਚ ਸ਼ਾਮਲ ਦੇਸ਼ ਹੈ। ਜਰਮਨੀ ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਬ੍ਰਾਜ਼ੀਲ, ਪੁਰਤਗਾਲ, ਅਰਜਨਟੀਨਾ ਅਤੇ ਬੈਲਜੀਅਮ ਦਾ ਨੰਬਰ ਆਉਂਦਾ ਹੈ।