ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ ਪ੍ਰੈਸ਼ਰ ਹਾਰਨ ਵਾਲਿਆਂ ਦੀ ਸ਼ਾਮਤ ਆਵੇਗੀ। ਜੀ ਹਾਂ ! ਹੁਣ ਅਜਿਹਾ ਕੰਮ ਕਰਨ ਵਾਲਿਆਂ ਨੂੰ ਪੰਜ ਸਾਲ ਤੱਕ ਜੇਲ੍ਹ ਤੇ ਪੰਜ ਹਜ਼ਾਰ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਟਰੈਫਿਕ ਪੁਲਿਸ ਦੇ ਸਹਿਯੋਗ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜਨੀਅਰ ਹਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਮਨੁੱਖੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਤੇ ਮਨੋਵਿਗਿਆਨਕ ਤੌਰ ‘ਤੇ ਪ੍ਰਭਾਵਿਤ ਕਰਨ ਵਾਲੇ ਮਲਟੀਟੋਨ ਹਾਰਨ, ਪ੍ਰੈਸ਼ਰ ਹਾਰਨ ਜਾਂ ਪਟਾਕੇ ਦੀ ਆਵਾਜ਼ ਕੱਢਣ ਵਾਲੇ ਸਾਇਲੰਸਰਾਂ/ਯੰਤਰਾਂ ਨੂੰ ਹਵਾ ਪ੍ਰਦੂਸ਼ਣ (ਰੋਕਥਾਮ ਤੇ ਨਿਯਮਨ) ਐਕਟ 1981 ਦੀ ਧਾਰਾ 31-ਏ ਤਹਿਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹਰਜੀਤ ਸਿੰਘ ਨੇ ਦੱਸਿਆ ਕਿ ਪਹਿਲੀ ਅਕਤੂਬਰ, 2017 ਤੋਂ ਲਾਗੂ ਹੋਣ ਵਾਲੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਦੀ ਸੂਰਤ ਵਿੱਚ ਹਵਾ ਪ੍ਰਦੂਸ਼ਣ (ਰੋਕਥਾਮ ਤੇ ਨਿਯਮਨ) ਐਕਟ 1981 ਦੀ ਧਾਰਾ 37 ਤਹਿਤ ਘੱਟੋ-ਘੱਟ ਡੇਢ ਸਾਲ ਤੋਂ ਲੈ ਕੇ 6 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ ਤੇ ਜੁਰਮਾਨਾ ਵੀ 5000 ਰੁਪਏ ਤੱਕ ਰੋਜ਼ਾਨਾ ਦੀ ਦਰ ਨਾਲ ਹੋ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਜਾਂ ਏਜੰਸੀ ਨੂੰ ਅਜਿਹੇ ਯੰਤਰ ਵੇਚਣ, ਖਰੀਦਣ ਤੇ ਫਿੱਟ ਕਰਨ ਦੀ ਮਨਾਹੀ ਕੀਤੀ ਗਈ ਹੈ। ਇਸ ਸਬੰਧੀ ਵਿਭਾਗੀ ਟੀਮਾਂ ਵੱਲੋਂ ਵੱਖ-ਵੱਖ ਦੁਕਾਨਦਾਰਾਂ, ਵਰਕਸ਼ਾਪਾਂ, ਵਪਾਰੀਆਂ, ਮਕੈਨਿਕਾਂ ਤੇ ਵਾਹਨ ਮਾਲਕਾਂ/ਚਾਲਕਾਂ ਨੂੰ ਪਹਿਲੀ ਅਕਤੂਬਰ ਤੋਂ ਪਾਬੰਦੀਸ਼ੁਦਾ ਹਾਰਨਾਂ/ਯੰਤਰਾਂ ਦੀ ਵਿੱਕਰੀ, ਖਰੀਦ ਜਾਂ ਫਿੱਟ ਕਰਨ ਤੋਂ ਗੁਰੇਜ਼ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।