ਚੰਡੀਗੜ੍ਹ : ਹੁਣ ਚੰਡੀਗੜ੍ਹ ਦੇ ਕਾਲਜਾਂ 'ਚ ਕਨਵੋਕੇਸ਼ਨ ਬੰਦ ਹੋਣ ਜਾ ਰਹੀ ਹੈ ਕਿਉਂਕਿ ਅਗਲੇ ਸੈਸ਼ਨ ਤੋਂ ਕਾਲਜ ਪਾਸ ਆਊਟ ਕਰਨ ਤੋਂ ਬਾਅਦ ਡਿਗਰੀਆਂ ਆਨਲਾਈਨ ਹੀ ਵਿਦਿਆਰਥੀਆਂ ਨੂੰ ਮਿਲ ਜਾਣਗੀਆਂ। ਪ੍ਰਧਾਨ ਮੰਤਰੀ ਦੀ ਡਿਜੀਟਲ ਕ੍ਰਾਂਤੀ ਨੂੰ ਬੜਾਵਾ ਦੇਣ ਦੇ ਮੱਦੇਨਜ਼ਰ ਹੀ ਇਸਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਡਿਗਰੀ ਆਨਲਾਈਨ ਮੁਹੱਈਆ ਹੋਣ ਤੋਂ ਬਾਅਦ ਕੋਈ ਵੀ ਵਿਦਿਆਰਥੀ ਆਪਣੀ ਡਿਗਰੀ ਦੇਸ਼-ਵਿਦੇਸ਼ ਕਿਤੇ ਵੀ ਬੈਠਿਆਂ ਡਾਊਨਲੋਡ ਕਰ ਸਕਦਾ ਹੈ।
ਇਸ ਨਾਲ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਡਿਗਰੀ ਲੈਣ ਲਈ ਵੀ ਧੱਕੇ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਸ਼ਹਿਰ ਦੇ ਕਾਫੀ ਕਾਲਜ ਅਜਿਹੇ ਹਨ, ਜਿਨ੍ਹਾਂ 'ਚ ਸਿਰਫ 60 ਜਾਂ 70 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲਿਆਂ ਦੀ ਹੀ ਕਨਵੋਕੇਸ਼ਨ ਕੀਤੀ ਜਾਂਦੀ ਹੈ ਤੇ ਬਾਕੀਆਂ ਨੂੰ ਕਾਲਜਾਂ 'ਚ ਜਾ ਕੇ ਹੀ ਡਿਗਰੀ ਲੈਣੀ ਪੈਂਦੀ ਹੈ ਪਰ ਹੁਣ ਵਿਦਿਆਰਥੀਆਂ ਨੂੰ ਡਿਗਰੀ ਆਨਲਾਈਨ ਹੀ ਮਿਲ ਜਾਵੇਗੀ। ਜਦੋਂ ਇਸ ਸਬੰਧੀ ਡਾਇਰੈਕਟਰ ਆਫ ਹਾਇਰ ਐਜੂਕੇਸ਼ਨ ਰਾਕੇਸ਼ ਪੋਪਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਿਗਰੀ ਅਗਲੇ ਸੈਸ਼ਨ ਤੋਂ ਆਨਲਾਈਨ ਹੋਣ ਤੋਂ ਬਾਅਦ ਵਿਦਿਆਰਥੀ ਕਿਤੇ ਵੀ ਬੈਠ ਕੇ ਡਿਗਰੀ ਡਾਊਨਲੋਡ ਕਰ ਸਕੇਗਾ।
ਕਾਲਜ ਕਨਵੋਕੇਸ਼ਨ ਜਾਰੀ ਰੱਖਣ ਦੇ ਹੱਕ 'ਚ
ਸ਼ਹਿਰ ਦੇ ਸਾਰੇ ਕਾਲਜ ਕਨਵੋਕੇਸ਼ਨ ਬੰਦ ਕਰਨ ਦੀ ਥਾਂ ਉਸ ਨੂੰ ਜਾਰੀ ਰੱਖਣ ਦੇ ਹੱਕ 'ਚ ਹਨ ਕਿਉਂਕਿ ਕਾਲਜਾਂ 'ਚ ਕਨਵੋਕੇਸ਼ਨ ਦੀ ਇਕ ਪ੍ਰਥਾ ਬਣ ਚੁੱਕੀ ਹੈ, ਜਿਸ ਨੂੰ ਖਤਮ ਕਰ ਸਕਣਾ ਬਹੁਤ ਮੁਸ਼ਕਲ ਹੈ। ਬੀ. ਐੱਡ. ਕਾਲਜ ਦੀ ਪ੍ਰਿੰਸੀਪਲ ਹਰਸ਼ ਬੱਤਰਾ ਦਾ ਕਹਿਣਾ ਹੈ ਕਿ ਬੇਸ਼ੱਕ ਡਿਗਰੀ ਆਨਲਾਈਨ ਮੁਹੱਈਆ ਕਰਵਾਈ ਜਾਵੇ ਪਰ ਇਸ ਡਿਗਰੀ ਦੀ ਹਾਰਡ ਕਾਪੀ ਲਈ ਡਿਗਰੀ ਪ੍ਰਾਪਤ ਕਰਨ ਦੀ ਮਿਆਦ ਨਿਰਧਾਰਿਤ ਕਰ ਦੇਣੀ ਚਾਹੀਦੀ ਹੈ।
ਜਿਸ ਨਾਲ ਵਿਦਿਆਰਥੀ ਆਪਣੀ ਡਿਗਰੀ ਲੈਣ ਲਈ ਕਾਲਜਾਂ 'ਚ ਆ ਸਕਣ, ਉਸ ਨਾਲ ਕਨਵੋਕੇਸ਼ਨ ਵੀ ਜਾਰੀ ਰੱਖੀ ਜਾ ਸਕੇਗੀ। ਡਿਗਰੀ ਦੀ ਕੀ ਵੈਲਿਊ ਹੁੰਦੀ ਹੈ, ਇਸਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਕਨਵੋਕੇਸ਼ਨ ਦੌਰਾਨ ਇਕ-ਇਕ ਵਿਦਿਆਰਥੀ ਨੂੰ ਸਟੇਜ 'ਤੇ ਸੱਦ ਕੇ ਸਨਮਾਨਿਤ ਕੀਤਾ ਜਾਂਦਾ ਹੈ ਜੇਕਰ ਡਿਗਰੀ ਆਨਲਾਈਨ ਹੀ ਮਿਲੇਗੀ ਤਾਂ ਕਨਵੋਕੇਸ਼ਨ 'ਚ ਕੌਣ ਆਏਗਾ, ਕਨਵੋਕੇਸ਼ਨ ਕਲਚਰ ਤਾਂ ਖਤਮ ਹੀ ਹੋਵੇਗਾ।