'ਚੰਡੀਗੜ੍ਹ ਏਅਰਪੋਰਟ' 28 ਅਕਤੂਬਰ ਤੱਕ ਹਰ ਐਤਵਾਰ ਕੋਈ ਫਲਾਈਟ ਉਡਾਣ ਨਹੀਂ ਭਰੇਗੀ

ਖਾਸ ਖ਼ਬਰਾਂ

ਚੰਡੀਗੜ੍ਹ: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ ਦੀ ਮੁਰੰਮਤ ਨੂੰ ਮੁੱਖ ਰੱਖਦਿਆਂ ਏਅਰਪੋਰਟ ਅਥਾਰਟੀ ਵਲੋਂ ਫਲਾਈਟਾਂ ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਹੁਣ ਇੰਟਰਨੈਸ਼ਨਲ ਏਅਰਪੋਰਟ ਤੋਂ ਪਹਿਲੀ ਫਲਾਈਟ ਸਵੇਰੇ 7.35 ਵਜੇ ਉਡਾਣ ਭਰੇਗੀ ਅਤੇ ਆਖਰੀ ਸ਼ਾਮ ਦੇ 3.35 ਵਜੇ। ਦੂਜੇ ਪਾਸੇ 28 ਅਕਤੂਬਰ ਤੱਕ ਹਰ ਐਤਵਾਰ ਏਅਰਪੋਰਟ 'ਤੇ ਕੋਈ ਫਲਾਈਟ ਉਡਾਣ ਨਹੀਂ ਭਰੇਗੀ ਅਤੇ ਏਅਰਪੋਰਟ ਬੰਦ ਰਹੇਗਾ। 

ਏਅਰਪੋਰਟ ਅਥਾਰਟੀ ਦੇ ਸੀ. ਈ. ਓ. ਸੁਨੀਲ ਦੱਤ ਨੇ ਦੱਸਿਆ ਕਿ ਇਹ ਸ਼ਡਿਊਲ 3 ਅਕਤੂਬਰ ਤੋਂ 28 ਅਕਤੂਬਰ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਕੁੱਝ ਏਅਰਲਾਈਨਜ਼ ਕੰਪਨੀਆਂ ਵਲੋਂ ਕੁੱਝ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ। ਇਸ 'ਚ ਇੰਡੀਗੋ ਦੀਆਂ ਤਿੰਨ ਫਲਾਈਟਾਂ ਸ਼ਾਮਿਲ ਹਨ। 

ਜਾਣਕਾਰੀ ਮੁਤਾਬਕ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਰੋਜ਼ਾਨਾ 37 ਫਲਾਈਟਾਂ ਦਾ ਆਉਣਾ-ਜਾਣਾ ਸੀ ਪਰ ਰਨਵੇਅ ਦੇ ਰੈਨੋਵੇਸ਼ਨ ਦੇ ਸਮਾਂ ਤੈਅ ਨਾ ਹੋਣ ਕਾਰਨ 10 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ।