ਦੁਸ਼ਹਿਰੇ ਦਾ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਪਰ ਚੰਡੀਗੜ੍ਹ ਦੇ ਸੈਕਟਰ 46 ਦਾ ਦੁਸ਼ਹਿਰਾ ਇਸ ਵਾਰ ਕੁਝ ਵੱਖਰੇ ਕਿਸਮ ਦਾ ਹੋਵੇਗਾ। ਖ਼ਾਸੀਅਤ ਇਹ ਹੈ ਕਿ ਇਸ ਵਾਰ ਕਮੇਟੀ ਵੱਲੋਂ ਰਾਵਣ ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦੇ ਨਾਲ ਬਲਾਤਕਾਰੀ ਸੌਦਾ ਸਾਧ ਦਾ ਪੁਤਲਾ ਵੀ ਫੂਕਿਆ ਜਾਵੇਗਾ। ਸਾਧਵੀ ਬਲਾਤਕਾਰ ਮਾਮਲੇ 'ਚ ਸੌਦਾ ਸਾਧ 20 ਸਾਲਾਂ ਲਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਜ਼ਾ ਕੱਟ ਰਿਹਾ ਹੈ।
ਕਈ ਦੂਰ ਨੇੜਲੇ ਸੂਬਿਆਂ ਤੋਂ ਵੀ ਸੌਦਾ ਸਾਧ ਦੇ ਪੁਤਲੇ ਸਾੜਨ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਕਮੇਟੀ ਨੇ ਰਾਵਣ ਦਾ 83 ਫੁੱਟ ਉੱਚਾ ਪੁਤਲਾ ਤਿਆਰ ਕੀਤਾ ਹੈ ਜਦੋਂ ਕਿ ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ 77 ਫੁੱਟ ਉਚਾਈ ਦੇ ਬਣਾਏ ਗਏ ਹਨ। ਇਹਨਾਂ ਪੁਤਲਿਆਂ 'ਤੇ 1.10 ਲਖ ਰੁ. ਖਰਚ ਕੀਤੇ ਜਾਣ ਦੀ ਖ਼ਬਰ ਹੈ। ਕਮੇਟੀ ਦੇ ਬੁਲਾਰੇ ਅਨੁਸਾਰ ਇਹਨਾਂ ਪੁਤਲਿਆਂ ਅੰਦਰ 45 ਹਜ਼ਾਰ ਰੁ. ਦੇ ਪਟਾਖ਼ੇ ਲਗਾਏ ਗਏ ਹਨ।
ਇਹਨਾਂ ਪੁਤਲਿਆਂ ਨੂੰ ਅੱਗ ਲਗਾਉਣ ਦਾ ਸਮਾਗਮ ਸ਼ਾਮ 4:30 ਵਜੇ ਤੋਂ 6:30 ਵਜੇ ਤੱਕ ਚਲਾਇਆ ਜਾਵੇਗਾ। ਦਰਅਸਲ ਰਾਮ ਰਹੀਮ ਦਾ ਪੁਤਲਾ ਫੂਕਣਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦੇ ਮਨਾਂ 'ਤੇ ਇਸ ਅਖੌਤੀ ਸਾਧ ਦੀ ਅਸਲੀਅਤ ਉਜਾਗਰ ਹੋਣ ਨਾਲ ਕਿੰਨੀ ਸੱਟ ਵੱਜੀ ਹੈ। ਸੌਦਾ ਸਾਧ ਨੇ ਇੱਕ ਲੰਮਾ ਸਮਾਂ ਧਰਮ ਦਾ ਚੋਲਾ ਪਹਿਨ ਕੇ ਗ਼ੈਰ-ਸਮਾਜਿਕ ਅਤੇ ਗ਼ੈਰ-ਮਨੁੱਖੀ ਕਾਰਿਆਂ ਨੂੰ ਅੰਜਾਮ ਦਿੱਤਾ।
ਇੱਕ ਪੱਖ ਤੋਂ ਇਹਨਾਂ ਦੀ ਸੌਦਾ ਸਾਧ ਦਾ ਅਜਿਹੇ ਮੌਕੇ ਵਿਰੋਧ ਕਰਨ ਵਾਲੀ ਪਹਿਲ ਦੀ ਤਾਰੀਫ਼ ਕਰਨੀ ਬਣਦੀ ਹੈ। ਦੁਸ਼ਹਿਰਾ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਸਾਲ ਸੌਦਾ ਸਾਧ ਨੂੰ ਕਾਨੂੰਨ ਦਾ ਸਜ਼ਾ ਦੇਣਾ ਵੀ ਨੇਕੀ ਦੀ ਜਿੱਤ ਦਾ ਵੱਡਾ ਉਦਾਹਰਣ ਹੈ। ਇਸ ਸਾਰੇ ਵਾਕਿਆ ਨੂੰ ਜੇਕਰ ਇਸ ਲੜੀ ਦੀ ਆਧੁਨਿਕ ਉਦਾਹਰਣ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।
ਕਮੇਟੀ ਦੀਆਂ ਭਾਵਨਾਵਾਂ ਬਿਲਕੁਲ ਦਰੁਸਤ ਹਨ ਪਰ ਜੇਕਰ ਅਸੀਂ ਪੁਤਲੇ ਫੂਕ ਕੇ ਪੈਸੇ ਅਤੇ ਵਾਤਾਵਰਨ ਨੂੰ ਖ਼ਰਾਬ ਕਰਨ ਦੀ ਬਜਾਇ ਸਾਫ ਸੁਥਰੀ ਅਤੇ ਪ੍ਰਦੂਸ਼ਣ ਰਹਿਤ ਦੁਸ਼ਹਿਰਾ ਅਤੇ ਦੀਵਾਲੀ ਦਾ ਵੀ ਸੰਕਲਪ ਲਈਏ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ।