'ਛਪਾਰ ਦਾ ਮੇਲਾ' ਬਣਿਆ ਸਿਆਸੀ ਦੂਸ਼ਣਬਾਜ਼ੀ ਦਾ ਅਖਾੜਾ

ਪੰਜਾਬ ਦੇ ਮੇਲੇ ਹੁਣ ਰੌਣਕ ਮੇਲੇ ਵਾਲੇ ਮੇਲੇ ਨਹੀਂ ਰਹੇ। ਪੰਜਾਬ ਦੇ ਮੇਲੇ ਹੁਣ ਸਿਆਸੀ ਦੂਸ਼ਣਬਾਜ਼ੀ ਦੇ ਅਖਾੜੇ ਬਣ ਚੁੱਕੇ ਹਨ । ਪੰਜਾਬ ਦਾ ਮਸ਼ਹੂਰ 'ਛਪਾਰ ਦਾ ਮੇਲਾ' ਵੀ ਸਿਆਸੀ ਪਾਰਟੀਆਂ ਦੀ ਆਪਸੀ ਤੋਹਮਤਬਾਜ਼ੀ ਦੀ ਭੇਟ ਚੜ੍ਹ ਗਿਆ। ਕਾਂਗਰਸ ਪਾਰਟੀ ਦੀ ਕਾਨਫਰੰਸ ਵਿੱਚ ਜਿੱਥੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਜੰਮ ਕੇ ਹਮਲੇ ਕੀਤੇ ਉੱਥੇ ਹੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਾਂਗਰਸ ਪਾਰਟੀ 'ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਗਾਏ। 


ਬਾਦਲ ਪਰਿਵਾਰ 'ਤੇ ਨਿਸ਼ਾਨਾ ਸੇਧਦਿਆਂ ਨਵਜੋਤ ਸਿੰਘ ਸਿੱਧੂ ਨੇ ਇੱਕ ਮਹੀਨੇ ਲਈ ਪੁਲਿਸ ਮਹਿਕਮਾ ਉਹਨਾਂ ਹਵਾਲੇ ਕਰਨ ਦੀ ਗੱਲ ਕਹੀ। ਉਹਨਾਂ ਕਿਹਾ ਕਿ ਮੈਂ ਰਾਜਨੀਤੀ ਤਿਆਗ ਦਿਆਂਗਾ ਬੱਸ ਇੱਕ ਮਹੀਨੇ ਲਈ ਪੁਲਿਸ ਮਹਿਕਮਾ ਮੈਨੂੰ ਦੇ ਦਿਉ। ਸ਼੍ਰੀ ਸਿਧੂ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਵਿੱਚ ਨਸ਼ੇ ਬਾਰੇ ਕੁਝ ਗੱਲਾਂ ਕਹੀਆਂ।


ਉੱਧਰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਵਾਅਦੇ ਪੂਰੇ ਨਾ ਕਰਨ ਲਈ ਦੋਸ਼ੀ ਠਹਿਰਾਇਆ। ਉਹਨਾਂ ਕਰਜ਼ਾ ਮਾਫੀ ਦਾ ਜ਼ਿਕਰ ਕਰਦਿਆਂ ਵੀ ਕਾਂਗਰਸ ਪਾਰਟੀ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਗੱਲ ਕਹੀ।