ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚੱਢਾ ਦੇ ਪੁੱਤਰ ਨੇ ਸਿਰ 'ਚ ਗੋਲੀ ਮਾਰ ਕੇ ਜਾਨ ਦੇ ਦਿਤੀ

ਖਾਸ ਖ਼ਬਰਾਂ

ਅੰਮ੍ਰਿਤਸਰ, 3 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਔਰਤ ਨਾਲ ਅਸ਼ਲੀਲ ਹਰਕਤਾਂ ਸੰਬੰਧੀ ਨਮੋਸ਼ੀਜਨਕ ਸਥਿਤੀ ਦਾ ਸਾਹਮਣਾ ਕਰ ਰਹੇ ਚਰਨਜੀਤ ਸਿੰਘ ਚੱਢਾ ਪਰਵਾਰ ਦੇ ਫ਼ਰਜ਼ੰਦ ਇੰਦਰਪ੍ਰੀਤ ਸਿੰਘ ਚੱਢਾ ਨੇ ਪਿਸਤੌਲ ਨਾਲ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਬਾਰੇ ਪਤਾ ਲੱਗਣ 'ਤੇ ਪੁਲਿਸ ਅਧਿਕਾਰੀ ਘਟਨਾ ਸਥਾਨ 'ਤੇ ਪੁੱਜੇ। ਇਸ ਸਬੰਧੀ ਡੀ.ਸੀ.ਪੀ. ਅਮਰੀਕ ਸਿੰਘ ਪਵਾਰ ਵਲੋਂ ਦਿਤੀ ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਨੇ ਅਪਣੀ ਟੋਇਟਾ ਕਾਰ ਵਿਚ ਖ਼ੁਦਕੁਸ਼ੀ ਅਜਨਾਲਾ ਰੋਡ ਵਿਖੇ ਕਰ ਲਈ। ਉਸ ਨੇ ਅਪਣੇ ਸਿਰ ਵਿਚ ਗੋਲੀ ਮਾਰੀ। ਪੁਲਿਸ ਮੁਤਾਬਕ ਮ੍ਰਿਤਕ ਇੰਦਰਪ੍ਰੀਤ ਸਿੰਘ ਕੋਲੋਂ ਖ਼ੁਦਕੁਸ਼ੀ ਸਬੰਧੀ ਕੋਈ ਕਾਗ਼ਜ਼ਾਤ ਬਰਾਮਦ ਨਹੀਂ ਹੋਏ। ਗੋਲੀ ਮਾਰਨ 'ਤੇ ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਇੰਦਰਪ੍ਰੀਤ ਸਿੰਘ ਚੱਢਾ ਮਾਨਸਿਕ ਦਬਾਅ ਹੇਠ ਸੀ ਅਤੇ ਉਹ ਏਅਰਪੋਰਟ ਸਥਿਤ ਅਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਸੀ ਉਸ ਨੇ ਰਸਤੇ 'ਚ ਗੱਡੀ ਰੋਕੀ ਤੇ ਡਰਾਈਵਰ ਨੂੰ ਕਿਸੇ ਬਹਾਨੇ ਬਾਹਰ ਭੇਜ ਦਿਤਾ ਅਤੇ ਬਾਅਦ ਵਿਚ ਲਾਇਸੰਸੀ ਹਥਿਆਰ ਨਾਲ ਸਿਰ ਵਿਚ ਗੋਲੀ ਮਾਰ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਇੰਦਰਪ੍ਰੀਤ ਸਿੰਘ ਚੱਢਾ ਦੀ ਪਤਨੀ ਡੂੰਘੇ ਸਦਮੇ ਵਿਚ ਚਲੀ ਗਈ ਹੈ। 

ਇਸ ਸਬੰਧੀ ਥਾਣਾ ਏਅਰਪੋਰਟ ਦੀ ਪੁਲਿਸ ਨੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਚਰਨਜੀਤ ਸਿੰਘ ਚੱਢਾ ਘਰੋਂ ਫ਼ਰਾਰ ਹੈ ਅਤੇ ਉਸ ਦੀ ਪਤਨੀ ਵੀ ਪਤੀ ਦੇ ਨਾਲ ਹੈ।ਇਸ ਦੁਖਦਾਈ ਘਟਨਾ ਦਾ ਪਤਾ ਲੱਗਣ ਤੇ ਸ਼੍ਰ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਰਨਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਜੰਟ ਸਿੰਘ ਕੱਟੂ ਨੇ ਪੀੜਤ ਪਰਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।  ਜ਼ਿਕਰਯੋਗ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਬਰਖਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਉਸ ਦੇ ਲੜਕੇ ਇੰਦਰਪ੍ਰੀਤ ਸਿੰਘ ਚੱਢਾ ਨੂੰ ਦੀਵਾਨ 'ਚੋਂ ਬਰਖ਼ਾਸਤ ਕਰ ਦਿਤਾ। ਇਸ ਮਾਮਲੇ ਚ ਪੁਲਿਸ ਨੇ ਉਕਤ ਦੋਹਾਂ ਵਿਰੁਧ ਪਰਚਾ ਦਰਜ ਕੀਤਾ ਸੀ। ਚਰਨਜੀਤ ਸਿੰਘ ਚੱਢਾ ਪੁਲਿਸ ਵਲੋਂ ਪਰਚਾ ਦਰਜ ਕਰਨ 'ਤੇ ਫ਼ਰਾਰ ਹੋ ਗਿਆ ਪਰ ਉਸ ਦੇ ਲੜਕੇ ਇੰਦਰਪ੍ਰੀਤ ਸਿੰਘ ਨੂੰ ਅਦਾਲਤ ਨੇ ਚਾਰ ਦਿਨ ਦੀ ਅਗਾਉਂ ਜ਼ਮਾਨਤ ਦੇ ਦਿਤੀ। ਇੰਦਰਪ੍ਰੀਤ ਸਿੰਘ ਬੀਤੇ ਦਿਨ ਪੁਲਿਸ ਪੜਤਾਲ ਚ ਪੇਸ਼ ਹੋਇਆ ਤੇ ਬਿਆਨ ਦਰਜ ਕਰਵਾਏ ਅਤੇ ਅਪਣੇ ਆਪ ਨੂੰ ਬੇਕਸੂਰ ਦਸਿਆ।