ਚਿੱਟੀ ਮੱਖੀ ਦਾ ਡੰਗ ਨਾ ਸਹਾਰਦੇ, ਕਿਸਾਨਾਂ ਨੇ ਖੜ੍ਹਿਆ ਨਰਮਾ ਵਾਹਿਆ

ਖਾਸ ਖ਼ਬਰਾਂ

ਚਿੱਟੀ ਮੱਖੀ ਅਤੇ ਤੇਲੇ ਨੇ ਇੱਕ ਵਾਰ ਫਿਰ ਨਰਮੇ ਦੀ ਕਾਸ਼ਤ ਕਰਨ ਵਾਲੇ ਮਾਲਵਾ ਖਿੱਤੇ ਦੇ ਕਿਸਾਨ ਚਿਹਰਿਆਂ ਉਪਰ ਚਿੰਤਾਂ ਦੀਆਂ ਲਕੀਰਾਂ ਵਾਹ ਦਿੱਤੀਆਂ ਹਨ। ਚਿੱਟੀ ਮੱਖੀ ਨਾਲ ਬਰਬਾਦ ਹੁੰਦੀ ਨਰਮੇ ਦੀ ਫਸਲ ਦੇਖਕੇ ਡੂੰਘੀ ਕਿਸਾਨ ਨਿਰਾਸ਼ਾ 'ਚ ਘਿਰ ਚੁੱਕੇ ਹਨ ਤੇ ਆਪਣੀਆਂ ਫਸਲਾਂ ਉਪਰ ਟਰੈਕਟਰ ਚਲਾਉਣ ਲਈ ਮਜਬੂਰ ਹਨ। ਜਿਸ ਦੇ ਚਲਦਿਆਂ ਮਾਨਸਾ ਜਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਵਿਖੇ ਇੱਕ ਗਰੀਬ ਕਿਸਾਨ ਨੇ 35000 ਰੁਪਏ ਠੇਕੇ ਤੇ ਲਏ ਇੱਕ ਏਕੜ ਨਰਮੇ ਦੀ ਫਸਲ ਉਪਰ ਟਰੈਕਟਰ ਚਲਾ ਕੇ ਨਸ਼ਟ ਕਰ ਦਿੱਤਾ। 

ਦੂਜੇ ਪਾਸੇ ਖੇਤੀਬਾੜੀ ਵਿਭਾਗ ਚਿੱਟੀ ਮੱਖੀ ਦੇ ਪ੍ਰਕੋਪ ਨੂੰ ਖਤਰੇ ਤੋ ਦੂਰ ਦੱਸਕੇ ਹਾਲਾਤਾਂ ਉਪਰ ਜਲਦੀ ਕਾਬੂ ਪਾਉਣ ਦੀ ਗੱਲ ਕਰ ਰਿਹਾ ਹੈ। ਮਾਨਸਾ ਜਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਦੇ ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸਨੇ 35 ਹਜਾਰ ਰੁਪਏ 'ਚ ਠੇਕੇ ਤੇ ਲੈ ਕੇ ਇੱਕ ਏਕੜ ਜਮੀਨ 'ਚ ਨਰਮੇ ਦੀ ਫਸਲ ਬੀਜੀ ਸੀ। ਜਿਸ ਉਪਰ ਹੁਣ ਤੱਕ ਕਰੀਬ 10 ਹਜ਼ਾਰ ਰੁਪਏ ਹੋਰ ਖਰਚਾ ਆ ਚੁੱਕਾ ਹੈ। ਉਨਾਂ ਦੱਸਿਆ ਕਿ ਚਿੱਟੀ ਮੱਖੀ ਦੇ ਕਹਿਰ ਨੇ ਉਸ ਦੀ ਨਰਮੇ ਦੀ ਫਸਲ ਤਬਾਹ ਕਰ ਦਿੱਤੀ ਹੈ ਅਤੇ ਨਰਮੇ ਦੀ ਫਸਲ ਚਿੱਟੀ ਮੱਖੀ ਦੀ ਤਬਾਹੀ ਵਾਲੀ ਮਾਰ ਚੋ ਉਭਰਨ ਦੀ ਕੋਈ ਉਮੀਦ ਨਹੀ ਹੈ। 

ਜਿਸ ਤੋਂ ਬਾਅਦ ਉਨਾਂ ਨੇ ਆਪਣੀ ਫਸਲ ਉਪਰ ਟਰੈਕਟਰ ਚਲਾਕੇ ਨਸ਼ਟ ਕਰ ਦਿੱਤਾ ਹੈ। ਉਨਾਂ ਕਿਹਾ ਕਿ ਬੁਰੀ ਤਰ੍ਹਾਂ ਕਰਜੇ ਦੇ ਬੋਝ ਹੇਠ ਦੱਬਿਆ ਜਾ ਚੁੱਕਾ ਹੈ। ਜੇਕਰ ਅਜਿਹੇ ਹਾਲਾਤਾਂ ਚੋਂ ਉਭਰਨ ਲਈ ਸਰਕਾਰ ਨੇ ਕੋਈ ਯਤਨ ਨਾ ਕੀਤਾ ਤਾਂ ਉਸ ਕੋਲ ਸਲਫਾਸ ਖਾਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋ ਇਲਾਵਾ ਕੋਈ ਚਾਰਾ ਨਹੀ ਰਹਿ ਜਾਵੇਗਾ। ਕਿਸਾਨ ਮੁੰਦਰੀ ਸ਼ਰਮਾਂ ਨੇ ਕਿਹਾ ਕਿ ਚਿੱਟੀ ਮੱਖੀ ਦਾ ਪ੍ਰਭਾਵ ਬਹੁਤ ਜਿਆਦਾ ਹੋ ਚੁੱਕਾ ਹੈ। 

ਜਿਸ ਨਾਲ ਨਰਮੇ ਦੀ ਫਸਲ ਕਰੀਬ ਨਸ਼ਟ ਹੋ ਚੁੱਕੀ ਹੈ। ਉਨਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਵੀ ਚਿੱਟੀ ਮੱਖੀ ਨਾਲ ਨਰਮੇ ਦੀ ਫਸਲ ਨੁਕਸਾਨੀ ਗਈ ਸੀ ਅਤੇ ਹੁਣ ਵਾਲਾ ਪ੍ਰਭਾਵ ਪਹਿਲੇ ਹਮਲੇ ਤੋ ਕਿਤੇ ਜਿਆਦਾ ਹੈ। ਉਨਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਕਿਸਾਨਾਂ ਨੂੰ 30-30 ਹਜਾਰ ਰੁਪਏ ਮੁਆਵਜਾ ਦੇਵੇ ਤਾਂ ਹੀ ਕਿਸਾਨੀ ਬਚ ਸਕਦੀ ਹੈ। ਕਿਸਾਨ ਆਗੂ ਬਲਵਿੰਦਰ ਸਿੰਘ, ਸਾਬਕਾ ਉਪ ਚੇਅਰਮੈਨ ਮਾਰਕਿਟ ਕਮੇਟੀ ਬੋਹਾ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਜਦ ਨਰਮੇ ਦੀ ਫਸਲ ਉਪਰ ਚਿੱਟੀ ਮੱਖੀ ਦਾ ਹਮਲਾ ਹੋਇਆ ਸੀ ਤਾਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਉਸ ਵੇਲੇ ਬਿਆਨ ਸੀ ਕਿ ਬਾਦਲ ਸਰਕਾਰ ਅਤੇ ਖੇਤੀਬਾੜੀ ਮੰਤਰੀ ਇਸ ਲਈ ਕਸੂਰਬਾਰ ਹਨ। 

ਇਸ ਲਈ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਉਪਰ ਚਿੱਟੀ ਮੱਖੀ ਦੀ ਮਾਰ ਤੋ ਬਾਅਦ ਆਰਥਿਕ ਮੰਦਹਾਲੀ ਕਾਰਨ ਮੌਤ ਦੇ ਮੂੰਹ ਚ ਪਏ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਤੇ ਇੰਨਾਂ ਖਿਲਾਫ ਕਤਲ ਦਾ ਮੁਕੱਦਮਾਂ ਦਰਜ ਹੋਣਾਂ ਚਾਹੀਦਾ ਹੈ ਤੇ ਫਿਰ ਜਦ ਚਿੱਟੀ ਮੱਖੀ ਕਾਰਨ ਨਰਮਾਂ ਬਰਬਾਦ ਹੋ ਰਿਹਾ ਹੈ। ਪ੍ਰਤੀ ਦਿਨ ਔਸਤ 3 ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਮੁਤਾਬਕ ਉਨਾਂ ਉਪਰ ਵੀ ਮੁਕੱਦਮਾਂ ਦਰਜ ਹੋਣਾਂ ਬਣਦਾ ਹੈ।

ਇਸ ਸਬੰਧੀ ਜਦ ਜਿਲ੍ਹਾ ਖੇਤੀਬਾੜੀ ਅਫਸਰ ਗੁਰਾਂਦਿੱਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨਾ ਕਿਹਾ ਕਿ ਚਿੱਟੀ ਮੱਖੀ ਤੋ ਪੀੜਤ ਨਰਮੇ ਦੀ ਫਸਲ ਵਾਹੁਣ ਵਾਲੇ ਕਿਸਾਨਾਂ ਦੀ ਸੂਚੀ ਸਰਕਾਰ ਨੂੰ ਭੇਜੀ ਜਾ ਰਹੀ ਹੈ ਅਤੇ ਚਿੱਟੀ ਮੱਖੀ ਉਪਰ ਕਾਬੂ ਪਾਉਣ ਲਈ ਮਹਿਕਮਾ ਲਗਾਤਾਰ ਯਤਨਸ਼ੀਲ ਹੈ।