ਚੰਡੀਗੜ੍ਹ : (ਨੀਲ ਭਲਿੰਦਰ ਸਿੰਘ) ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਨਤੀਜੇ ਆਉਣ ਤੋਂ ਪਹਿਲਾਂ ਅਤੇ ਬਾਅਦ ਸੂਬਾਈ ਸਿਆਸਤ 'ਤੇ ਲਗਾਤਾਰ ਅਸਰ ਅੰਦਾਜ਼ ਹਨ। ਦਿੱਲੀ ਫਤਿਹ ਕਰਨ ਮਗਰੋਂ ਪੰਜਾਬ 'ਚ ਚਾਰ ਕੁ ਸਾਲ ਪਹਿਲਾਂ ਹੋਈ ਆਮ ਆਦਮੀ ਪਾਰਟੀ ਦੀ ਆਮਦ ਤੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਉਲਟਫੇਰ ਕਰਦੇ ਨਤੀਜੇ ਹੋਣ ਜਾਂ ਫਿਰ ਸੋਸ਼ਲ ਮੀਡੀਆ ਪ੍ਰਤੀ ਆਮ ਲੋਕਾਂ ਖਾਸਕਰ ਵੋਟਰਾਂ ਦੀ ਜਾਗਰੂਕਤਾ, ਅਜਿਹੇ ਰੁਝਾਨਾਂ ਨੇ ਪੰਜਾਬ ਦੀਆਂ ਪ੍ਰਮੁੱਖ ਰਵਾਇਤੀ ਸਿਆਸੀ ਪਾਰਟੀਆਂ ਨੂੰ ਇੱਕ ਤਰ੍ਹਾਂ ਝੰਜੋੜਿਆ ਹੋਇਆ ਹੈ।
ਹਾਲਾਤ ਇਹ ਬਣ ਗਏ ਹਨ ਕਿ 'ਪ੍ਰਧਾਨ ਜੀ, ਜਥੇਦਾਰ ਸਾਹਿਬ, ਹਲਕਾ ਇੰਚਾਰਜ...' ਜਿਹੇ ਅਹੁਦਾ ਕ੍ਰਮਾਂ ਵਾਲੀ ਸੂਬੇ ਦੀ ਪੁਰਾਣੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਇਹਨਾਂ ਵਿਸ਼ੇਸ਼ਣਾਂ ਤੋਂ ਹੀ ਕਿਨਾਰਾ ਕਰਨ ਦਾ ਤਜਰਬਾ ਕਰਨਾ ਪੈ ਰਿਹਾ ਹੈ। ਜਿਸ ਦੀ ਸੱਜਰੀ ਮਿਸਾਲ ਪਾਰਟੀ ਵਲੋਂ ਅੱਜ ਜਾਰੀ ਕੀਤਾ ਗਿਆ ਇੱਕ ਅਧਿਕਾਰਿਤ ਪ੍ਰੈਸ ਬਿਆਨ ਹੈ, ਜਿਸ ਦੀ ਇਬਾਰਤ ਕੁਝ ਇਸ ਤਰਾਂ ਹੈ। 'ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੀ ਸੇਵਾ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਭਦੌੜ ਹਲਕੇ ਦੇ ਸੇਵਾਦਾਰ ਨਿਯੁਕਤ ਕਰ ਦਿੱਤਾ ਹੈ।
ਉਹ ਸਰਦਾਰ ਰਾਹੀ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਜਰੂਰਤਾਂ ਅਤੇ ਸਮੱਸਿਆਵਾਂ ਨੂੰ ਸਮਝਣ ਵਾਸਤੇ ਹਲਕੇ ਦੇ ਕੋਨੇ ਕੋਨੇ ਵਿਚ ਜਾਣ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਸਾਸ਼ਨ ਅੱਗੇ ਰੱਖਣ ਵਾਸਤੇ ਸਥਾਨਕ ਪਾਰਟੀ ਵਰਕਰਾਂ ਨੂੰ ਇੱਕਜੁਟ ਕਰਨ।ਇਸ ਪੱਤਰਕਾਰ ਵਲੋਂ ਇਸ ਬਾਬਤ ਉਚੇਚੇ ਤੌਰ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਪ੍ਰਮੁੱਖ ਆਗੂਆਂ ਦੀ ਨਿਜੀ ਰਾਏ ਲੈਣ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਦੱਬਵੀਂ ਸੁਰ 'ਚ ਇਹ ਪ੍ਰਭਾਵ ਦਿੱਤਾ ਕਿ ਹੈ ਤਾਂ ਇਹ ਹਲਕਾ ਪ੍ਰਧਾਨ ਜਾਂ ਜਥੇਦਾਰ ਹੀ ਪਰ.....! ਖੈਰ ਪ੍ਰੈਸ ਨੋਟ ਪਾਰਟੀ ਦੀ ਅਧਿਕਾਰਿਤ ਈਮੇਲ ਤੋਂ ਜਾਰੀ ਕੀਤਾ ਗਿਆ ਹੈ ਅਤੇ ਪ੍ਰੈਸ ਨੋਟ ਦੇ ਅੰਗਰੇਜ਼ੀ ਵਾਲੇ ਖਰੜੇ ਚ ਵੀ ਉਚੇਚੇ ਤੌਰ ਉਤੇ ਰੋਮਨ ਚ 'ਸੇਵਾਦਾਰ' ਸ਼ਬਦ ਹੀ ਵਰਤਿਆ ਗਿਆ ਹੈ।
ਸੋ ਇਸ ਪ੍ਰਭਾਵ ਤਾਂ ਪ੍ਰਤੱਖ ਤੌਰ ਉਤੇ ਮਿਲ ਹੀ ਰਿਹਾ ਹੈ ਕਿ ਪਾਰਟੀ ਹਾਲੀਆ ਹਾਰਾਂ ਮਗਰੋਂ ਲਗਾਤਾਰ ਤਜਰਬੇ ਕਰਨ ਦੇ ਰਾਉਂ ਵਿਚ ਹੈ। ਪਰ ਇਸ ਤੋਂ ਵੀ ਦਿਲਚਸਪ ਪਹਿਲੂ ਇੱਕ ਇਹ ਵੀ ਹੈ ਕਿ ਪਾਰਟੀ ਦੇ ਤਿੰਨ ਪ੍ਰਮੁੱਖ ਬੁਲਾਰਿਆਂ ਨੇ ਸਭ ਤੋਂ ਪਹਿਲਾਂ ਤਾਂ ਇਸ ਪ੍ਰੈਸ ਨੋਟ ਬਾਰੇ ਕੋਈ ਜਾਣਕਾਰੀ ਹੀ ਨਾ ਹੋਣ ਦੀ ਗੱਲ ਆਖੀ। ਫਿਰ ਇਹ ਪੁੱਛੇ ਜਾਣ ਉਤੇ ਕਿ ਕੀ ਪਾਰਟੀ ਦੀ ਕਿਸੇ ਅੰਦਰੂਨੀ ਮੀਟਿੰਗ ਜਾਂ ਕਿਸੇ ਹੋਰ ਪੱਧਰ ਉਤੇ ਕੋਈ ਅਜਿਹਾ ਨਵਾਂ ਅਹੁਦਾ (ਸੇਵਾਦਾਰ) ਘੜਿਆ ਗਿਆ ਹੈ ਜਾਂ ਇਸ ਨੂੰ ਪਹਿਲਾਂ ਇਸ ਪਾਰਟੀ ਤਹਿਤ ਪ੍ਰਚਲਿਤ 'ਪ੍ਰਧਾਨ ਜੀ, ਜਥੇਦਾਰ ਸਾਹਿਬ ਜਾਂ ਹਲਕਾ ਇੰਚਾਰਜ' ਆਦਿ ਚੋਂ ਕਿਸੇ ਦੀ ਬ੍ਰਾਬਰਬ੍ਰਤਾ ਵਜੋਂ ਪ੍ਰਚਲਿਤ ਕਰਨ ਦਾ ਫੈਸਲਾ ਹੋਇਆ ਹੈ। ਹੈਰਾਨੀ ਦੀ ਗੱਲ ਕਿ ਤਿੰਨਾਂ ਪ੍ਰਮੁੱਖ ਬੁਲਾਰਿਆਂ ਨੇ ਨਿਜੀ ਰਾਏ ਦਿੰਦੇ ਹੋਏ ਸਪਸ਼ਟ ਕਰ ਦਿੱਤਾ ਕਿ ਨਾ ਤਾਂ ਉਹਨਾਂ ਨੂੰ ਇਸ ਪ੍ਰੈਸ ਨੋਟ ਬਾਰੇ ਕੋਈ ਇਲਮ ਹੈ, ਨਾ ਇਸਦੇ 'ਸ੍ਰੋਤ' ਬਾਰੇ ਅਤੇ ਨਹੀਂ ਅਜਿਹੇ ਕਿਸੇ ਨਵੇਂ ਅਹੁਦੇ 'ਸੇਵਾਦਾਰ' ਨੂੰ ਪ੍ਰਚਲਣ ਚ ਲਿਆਉਣ ਬਾਰੇ ਕਿਸੇ ਪਾਰਟੀ ਆਦੇਸ਼ ਬਾਰੇ।
ਇਥੇ ਦਸਣਯੋਗ ਹੈ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ 'ਕਨਵੀਨਰ' ਗੁਰਪ੍ਰੀਤ ਸਿੰਘ ਘੁਗੀ ਦੀ ਥਾਏਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਪਾਰਟੀ ਦੀ ਸੂਬਾਈ ਇਕਾਈ ਦੀ ਅਗਵਾਈ ਸੌਂਪਣ ਮਗਰੋਂ ਆਪ ਵਿਚ ਕਨਵੀਨਰ ਦੀ ਥਾਂ ਪ੍ਰਧਾਨ ਸੱਦਿਆ ਜਾਣ ਦਾ ਤਜਰਬਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜਿਸ ਪਿੱਛੇ ਤਰਕ ਇਹ ਰਿਹਾ ਹੈ ਕਿ ਰਵਾਇਤੀ ਸਿਆਸਤ ਚ 'ਕਨਵੀਨਰ' ਜਿਹੇ ਸੰਬੋਧਨਾਂ ਪ੍ਰਤੀ ਲੋਕ ਜਾਗਰੂਕਤਾ ਨਾ ਹੋਣ ਕਾਰਨ ਲੋਕਾਂ ਚ ਅਹੁਦੇ ਦਾ ਪ੍ਰਭਾਵ ਜਾਂ ਕਹਿ ਲਵੋ ਕਿ 'ਰੋਅਬ' ਨਹੀਂ ਪੈਂਦਾ।