ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਕੋਰੀਆ ਦੌਰੇ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਸੋਮਵਾਰ ਨੂੰ ਹੋਏ ਪਹਿਲੇ ਮੈਚ 'ਚ ਉਸ ਨੇ ਮੇਜ਼ਬਾਨ ਟੀਮ ਨੂੰ 1-0 ਨਾਲ ਹਰਾਇਆ। ਭਾਰਤੀ ਟੀਮ ਆਪਣਾ ਦੂਜਾ ਮੈਚ ਮੰਗਲਵਾਰ ਨੂੰ ਖੇਡੇਗੀ। ਪਿਛਲੇ ਸਾਲ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਦੌਰਾ ਹੈ। ਭਾਰਤੀ ਕਪਤਾਨ ਰਾਨੀ ਰਾਮਪਾਲ ਨੇ ਆਪਣੇ 200ਵੇਂ ਅੰਤਰਰਾਸ਼ਟਰੀ ਮੈਚ ਪੂਰੇ ਕਰ ਲਏ ਹਨ, ਜਦਕਿ ਮੋਨੀਕਾ ਦਾ ਇਹ 100ਵਾਂ ਮੈਚ ਸੀ।
ਭਾਰਤੀ ਹਾਕੀ ਟੀਮ ਦੱਖਣੀ ਕੋਰੀਆ ਦੌਰੇ 'ਤੇ ਮੇਜ਼ਬਾਨ ਟੀਮ ਨਾਲ 3 ਤੋਂ 15 ਮਾਰਚ ਤਕ 5 ਮੈਚ ਖੇਡੇਗੀ। ਜਿਨਚੁਨ ਨੈਸ਼ਨਲ ਐਥਲੈਟਿਕ ਸੈਂਟਰ 'ਚ ਖੇਡੇ ਗਏ ਇਸ ਪਹਿਲੇ ਮੈਚ 'ਚ ਭਾਰਤ ਵੱਲੋਂ ਇਕਲੌਤਾ ਗੋਲ ਲਾਲਰੇਮਸਿਆਮੀ ਨੇ 11ਵੇਂ ਮਿੰਟ 'ਚ ਕੀਤਾ। ਇਕ ਗੋਲ ਤੋਂ ਪਿਛੇ ਹੋਣ ਤੋਂ ਬਾਅਦ ਦੱਖਣੀ ਕੋਰੀਆ ਦੀਆਂ ਮੁਸ਼ਕਲਾਂ 18 ਮਿੰਟ 'ਚ ਹੋਰ ਵਧ ਗਈਆਂ, ਜਦੋਂ ਭਾਰਤ ਨੂੰ ਪੈਨਲਟੀ ਕਾਰਨਰ ਦਿੱਤਾ ਗਿਆ, ਪਰ ਮਹਿਮਾਨ ਟੀਮ ਗੋਲ ਕਰਨ 'ਚ ਕਾਮਯਾਬ ਨਹੀਂ ਹੋ ਪਾਈ।
ਕੋਰੀਆ ਟੀਮ ਨੂੰ 23ਵੇਂ ਮਿੰਟ 'ਚ ਪੈਨਲਟੀ ਕਾਰਨਰ ਨਾਲ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹ ਇਸ ਮੌਕੇ ਦਾ ਵੀ ਫਾਇਦਾ ਨਹੀਂ ਲੈ ਸਕੀ। ਵਿਸ਼ਵ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਮੌਜੂਦ ਦੱਖਣੀ ਕੋਰੀਆ ਨੇ ਤੀਜੇ ਅਤੇ ਚੌਥੇ ਕੁਆਟਰ 'ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਦੀ ਰੱਖਿਆ ਪੰਕਤੀ ਨੇ ਇਕ ਗੋਲ ਦਾ ਅੰਤਰ ਕਾਇਮ ਰੱਖਿਆ।