ਡਰਾਈਵਰ ਨੂੰ ਜ਼ਖਮੀ ਕਰਕੇ ਗੱਡੀ ਖੋਹਣ ਵਾਲੇ ਲੁਟੇਰੇ ਗੱਡੀ ਛੱਡ ਭੱਜੇ

ਖਾਸ ਖ਼ਬਰਾਂ

ਬਲਾਚੌਰ ਟੈਕਸੀ ਸਟੈਂਡ ਤੋਂ ਇੰਡੀਕਾ ਗੱਡੀ ਕਿਰਾਏ 'ਤੇ ਲੈ ਕੇ ਬਾਅਦ ਵਿੱਚ ਡਰਾਈਵਰ ਨੂੰ ਔੜ ਨੇੜੇ ਜ਼ਖਮੀ ਕਰਕੇ ਸੁੱਟਣ ਵਾਲੇ ਲੁਟੇਰੇ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਕੀਤੇ ਜਾਣ ਬਾਅਦ ਖੋਹੀ ਗੱਡੀ ਧਰਮਕੋਟ ਨਹਿਰ ਨੇੜੇ ਛੱਡ ਕੇ ਫ਼ਰਾਰ ਹੋ ਗਏ। ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਅਨੁਸਾਰ ਜਿਉਂ ਹੀ ਪੁਲਿਸ ਨੂੰ ਗੱਡੀ ਦੀ ਖੋਹ ਬਾਰੇ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਟੀਮ ਭਾਲ ਲਈ ਰਵਾਨਾ ਕਰ ਦਿੱਤੀ ਗਈ ਅਤੇ ਨਾਕਾਬੰਦੀ ਕਰਵਾ ਦਿੱਤੀ ਗਈ। 

ਜਿਸ ਤੋਂ ਬਾਅਦ ਇਸੇ ਭਾਲ ਦੌਰਾਨ ਮੁੱਖ ਅਫਸਰ ਥਾਣਾ ਸਦਰ ਬੰਗਾ ਵਲੋਂ ਪਿੰਡ ਕਰਨਾਣਾ ਪਾਸ ਇਹ ਗੱਡੀ ਦੇਖੀ ਗਈ। ਜਿਸਦਾ ਤੁਰੰਤ ਪਿੱਛਾ ਕਰਨ ਤੇ ਦੋਸ਼ੀ ਪੁਲਿਸ ਦੇ ਡਰ ਵਜੋਂ ਇਹ ਗੱਡੀ ਧਰਮਕੋਟ ਨਹਿਰ ਦੇ ਨੇੜੇ ਖੜ੍ਹੀ ਕਰਕੇ ਭੱਜ ਗਏ ਅਤੇ ਪੁਲਿਸ ਵੱਲੋਂ ਇਹ ਗੱਡੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਗੱਡੀ ਨੰਬਰ ਪੀ ਬੀ 10 ਸੀ ਐਕਸ -5598, ਇੰਡੀਕਾ ਵਿੱਚ ਸਵਾਰ ਹੋ ਕੇ ਟੈਕਸੀ ਸਟੈਂਡ ਬਲਾਚੌਰ ਵਿਖੇ ਆਏ। 

ਜਿਨ੍ਹਾਂ ਨੇ ਟੈਕਸੀ ਸਟੈਂਡ ਤੋਂ ਇੱਕ ਇੰਡੀਕਾ ਕਾਰ ਨੰਬਰ ਡੀ.ਐਲ. 4 ਸੀ-9607, ਔੜ ਜਾਣ ਵਾਸਤੇ ਕਿਰਾਏ 'ਤੇ ਇਹ ਕਹਿ ਕੇ ਲਈ ਕਿ ਉਨ੍ਹਾਂ ਦੀ ਗੱਡੀ ਗਰਮ ਹੋ ਗਈ ਹੈ। ਇਸ ਤੋਂ ਬਾਅਦ ਵਿੱਚ ਇਹ ਦੋਨੋਂ ਨੌਜਵਾਨ ਕਿਰਾਏ ਤੇ ਲਈ ਗੱਡੀ ਦੇ ਡਰਾਈਵਰ ਨੂੰ ਔੜ ਲਾਗੇ ਦਾਤਰ ਨਾਲ ਜ਼ਖ਼ਮੀ ਕਰਕੇ ਇੰਡੀਕਾ ਕਾਰ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀ ਜਿਹੜੀ ਗੱਡੀ ਗਰਮ ਹੋਣ ਦਾ ਬਾਹਨਾ ਬਣਾ ਕੇ ਟੈਕਸੀ ਸਟੈਂਡ, ਬਲਾਚੌਰ ਵਿਖੇ ਛੱਡ ਗਏ ਸੀ, ਸਬੰਧੀ ਛਾਣਬੀਣ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਸ਼ੀਆ ਨੇ ਮਿਤੀ 05-09-2017 ਨੂੰ ਇਹ ਗੱਡੀ ਫਗਵਾੜਾ ਟੈਕਸੀ ਸਟੈਂਡ ਤੋਂ ਕਿਰਾਏ 'ਤੇ ਲਈ ਸੀ। 

ਗੱਡੀ ਦੇ ਡਰਾਈਵਰ ਅਮਰਜੀਤ ਸਿੰਘ ਨੂੰ ਥਾਣਾ ਸਦਰ ਜਲੰਧਰ ਦੇ ਪਿੰਡ ਜੰਡਿਆਲਾ ਦੇ ਲਾਗੇ ਗੱਡੀ ਵਿੱਚੋਂ ਧੱਕੇ ਨਾਲ ਲਾਹ ਕੇ ਇਹ ਗੱਡੀ ਲੈ ਕੇ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 204 ਮਿਤੀ 05-09-2017 ਅ/ਧ 420,379 ਭ:ਦ: ਥਾਣਾ ਸਦਰ ਫਗਵਾੜਾ ਵਿਖੇ ਦਰਜ ਹੈ। ਇਹਨਾਂ ਨਾ-ਮਲੂਮ ਦੋ ਦੋਸ਼ੀਆਂ ਦੇ ਖਿਲਾਫ਼ ਡਰਾਈਵਰ ਗੋਪੀ ਦੇ ਬਿਆਨਾਂ ਤੇ ਥਾਣਾ ਬਲਾਚੌਰ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।