ਡਾਸਨਾ, 13 ਅਕਤੂਬਰ: ਆਰੂਸ਼ੀ ਅਤੇ ਹੇਮਰਾਜ ਕਤਲਕਾਂਡ ਮਾਮਲੇ 'ਚ ਬਰੀ ਕਰ ਦਿਤੇ ਗਏ ਰਾਜੇਸ਼ ਅਤੇ ਨੁਪੁਰ ਤਲਵਾਰ ਸੋਮਵਾਰ ਨੂੰ ਗਾਜ਼ੀਆਬਾਦ ਦੀ ਡਾਸਨਾ ਜੇਲ ਤੋਂ ਬਾਹਰ ਆ ਸਕਦੇ ਹਨ। ਤਲਵਾਰ ਜੋੜੇ ਦੇ ਵਕੀਲ ਤਨਵੀਰ ਮੀਰ ਅਹਿਮਦ ਨੇ ਦਸਿਆ ਕਿ ਰਾਜੇਸ਼ ਅਤੇ ਨੁਪੁਰ ਤਲਵਾਰ ਦੇ ਡਾਸਨਾ ਜੇਲ ਤੋਂ ਅੱਜ ਰਿਹਾਅ ਹੋਣ ਦੀ ਕੋਈ ਉਮੀਦ ਨਹੀਂ ਕਿਉਂਕਿ ਉਨ੍ਹਾਂ ਨੂੰ ਅਜੇ ਤਕ ਅਦਾਲਤ ਦੇ ਹੁਕਮ ਦੀ ਕਾਪੀ ਨਹੀਂ ਮਿਲੀ ਹੈ। ਉਨ੍ਹਾਂ ਦੀ ਰਿਹਾਈ ਸੋਮਵਾਰ ਨੂੰ ਹੋ ਸਕਦੀ ਹੈ ਕਿਉਂਕਿ ਕਲ ਮਹੀਨੇ ਦਾ ਦੂਜਾ ਸਨਿਚਰਵਾਰ ਹੋਣ ਕਰ ਕੇ ਛੁੱਟੀ ਹੈ। ਹਾਲਾਂਕਿ ਅਦਾਲਤ 'ਚ ਤਲਵਾਰ ਜੋੜੇ ਦੀ ਪੈਰਵੀ ਕਰਨ ਵਾਲੇ ਉਨ੍ਹਾਂ ਦੇ ਵਕੀਲ ਦਿਲੀਪ ਕੁਮਾਰ ਨੇ ਕਿਹਾ ਕਿ ਅਦਾਲਤ ਦੇ ਹੁਕਮ ਦੀ ਕਾਪੀ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਤਲਵਾਰ ਜੋੜੇ ਦੇ ਕਲ ਰਿਹਾਅ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਤਲਵਾਰ ਜੋੜੇ ਦਾ ਪੈਰੋਕਾਰ ਇਹ ਕਾਪੀ ਲੈ ਕੇ ਨੋਇਡਾ ਲਈ ਅੱਜ ਰਵਾਨਾ ਹੋਵੇਗਾ ਅਤੇ ਕਲ ਰਿਹਾਈ ਦਾ ਪਰਵਾਨਾ ਲਿਖਿਆ ਜਾਵੇਗਾ ਜਿਸ ਤੋਂ ਬਾਅਦ ਤਲਵਾਰ ਜੋੜੇ ਦੇ ਰਿਹਾਅ ਹੋਣ ਦੀ ਪੂਰੀ ਉਮੀਦ ਹੈ।