ਨਵੀਂ ਦਿੱਲੀ, 9 ਮਾਰਚ : ਕੰਪਨੀਆਂ ਦੁਆਰਾ ਬੈਂਕਾਂ ਵਿਚ ਘਪਲੇ ਕਰਨ ਦੇ ਮੌਸਮ ਵਿਚ ਇਕ ਹੋਰ ਕੰਪਨੀ ਦਾ ਨਾਮ ਜੁੜ ਗਿਆ ਹੈ। ਦੇਸ਼ ਭਰ ਵਿਚ ਰੈਡੀਮੇਡ ਕਪੜਿਆਂ ਦੀ ਮਸ਼ਹੂਰ ਕੰਪਨੀ ਨੇ 5 ਹਜ਼ਾਰ ਕਰੋੜ ਦਾ ਘੁਟਾਲਾ ਕਰਨ ਤੋਂ ਬਾਅਦ ਖ਼ੁਦ ਨੂੰ ਦੀਵਾਲੀਆ ਐਲਾਨੇ ਜਾਣ ਲਈ ਅਰਜ਼ੀ ਦਿਤੀ ਹੈ। ਐਸ.ਕੁਮਾਰਜ਼ ਐਂਡ ਟੇਲਰਜ਼ ਬ੍ਰਾਂਡ ਦੇ ਕਪੜੇ (ਰੀਡ ਐਂਡ ਟੇਲਰਜ਼ ਵਜੋਂ ਮਸ਼ਹੂਰ) ਬਣਾਉਣ ਵਾਲੀ ਕੰਪਨੀ ਦੇ ਮਾਲਕ ਨਿਤਿਨ ਕਾਂਸਲੀਵਾਲ ਨੂੰ ਬੈਂਕਾਂ ਨੇ 'ਵਿਲਫ਼ੁਲ ਡਿਫ਼ਾਲਟਰ' ਐਲਾਨਿਆ ਹੋਇਆ ਹੈ। ਇਸੇ ਦੌਰਾਨ ਅੱਜ ਵਿੱਤ ਰਾਜ ਮੰਤਰੀ ਨੇ ਸੰਸਦ ਵਿਚ ਜਾਣਕਾਰੀ ਦਿਤੀ ਕਿ ਦੇਸ਼ ਵਿਚ ਕਰੀਬ 9000 'ਵਿਲਫ਼ੁਲ ਡਿਫ਼ਾਲਟਰ' ਹਨ ਜਿਨ੍ਹਾਂ ਦਾ ਇਕ ਲੱਖ ਕਰੋੜ ਤੋਂ ਵੱਧ ਬਕਾਇਆ ਬਣਦਾ ਹੈ।
ਇਹ ਰਕਮ ਸਰਕਾਰੀ ਬੈਂਕਾਂ ਨੂੰ ਦੇਣਯੋਗ ਹੈ। ਉਕਤ ਕੰਪਨੀ ਨੇ ਖ਼ੁਦ ਨੂੰ ਦੀਵਾਲੀਆ ਐਲਾਨੇ ਜਾਣ ਲਈ ਅਦਾਲਤ ਵਿਚ ਪਹੁੰਚ ਕੀਤੀ ਹੈ।
ਵਿਲਫ਼ੁਲ ਡਿਫ਼ਾਲਟਰ ਉਹ ਹੁੰਦੇ ਹਨ ਜਿਨ੍ਹਾਂ ਕੋਲ ਕਰਜ਼ੇ ਦੀ ਰਕਮ ਅਦਾ ਕਰਨ ਦੀ ਸ਼ਕਤੀ ਤਾਂ ਹੁੰਦੀ ਹੈ ਪਰ ਉਹ ਪੈਸਾ ਵਾਪਸ ਨਹੀਂ ਕਰਦੇ। ਇਹ ਲੋਕ ਕਰਜ਼ੇ ਦੀ ਰਕਮ ਨੂੰ ਕਿਸੇ ਹੋਰ ਕੰਮ ਲਈ ਵਰਤ ਲੈਂਦੇ ਹਨ। ਜਿਹੜੇ ਲੋਕ ਸੰਪਤੀ ਨੂੰ ਬੈਂਕ ਕੋਲ ਕਰਜ਼ੇ ਲੈਣ ਵਾਸਤੇ ਗਹਿਣੇ ਰਖਦੇ ਹਨ, ਉਹ ਵੀ ਬੈਂਕ ਨੂੰ ਦੱਸੇ ਬਿਨਾਂ ਸੰਪਤੀ ਵੇਚ ਦਿੰਦੇ ਹਨ। (ਏਜੰਸੀ)