ਦੇਸ਼ ਦਾ ਭਾਰ ਚੁੱਕਣ ਵਾਲੇ ਫੌਜੀ ਜਵਾਨਾਂ ਤੋਂ ਕੂੜਾ ਚੁਕਾਉਣ ਦੀਆਂ ਤਿਆਰੀਆਂ

ਪ੍ਰਧਾਨ ਮੰਤਰੀ ਦਫਤਰ ਹੁਣ ਫੌਜੀ ਜਵਾਨਾਂ ਤੋਂ ਹੁਣ ਕੂੜਾ ਚੁਕਾਉਣਾ ਚੁਕਾਉਣਾ ਚਾਹੁੰਦਾ ਹੈ। ਜੀ ਹਾਂ, ਪੀ.ਐਮ.ਓ. ਮਤਲਬ ਪ੍ਰਾਈਮ ਮਨਿਸਟਰ ਆਫਿਸ ਨੇ ਰੱਖਿਆ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕੀਤੇ ਹਨਕਿ ਉੱਚੇ ਪਹਾੜੀ ਇਲਾਕਿਆਂ ਵਿੱਚ ਸੈਲਾਨੀਆਂ ਦੁਆਰਾ ਸਾਲਾਂ ਬੱਧੀ ਫੈਲਾਈ ਗੰਦਗੀ ਫੌਜੀ ਜਵਾਨਾਂ ਤੋਂ ਸਾਫ ਕਰਵਾਈ ਜਾਵੇ। ਪਿਛਲੇ ਦੋ ਸਾਲਾਂ ਦੌਰਾਨ ਫੌਜੀ ਜਵਾਨਾਂ ਨੂੰ ਪਹਿਲਾਂ ਯੋਗ ਦਿਵਸ ਲਈ ਮੈਟ ਵਿਛਾਉਣ ਲਈ ਲਗਾਇਆ ਗਿਆ ਜਿਹੜੀ ਕਿ ਸੂਬਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਅਤੇ ਸ੍ਰੀ ਸ੍ਰੀ ਰਵੀਸ਼ੰਕਰ ਦੇ ਵਿਵਾਦਿਤ ਸਮਾਰੋਹ ਵਰਲਡ ਕਲਚਰਲ ਫੈਸਟੀਵਲ ਮੌਕੇ ਯਮਨਾ ਨਦੀ 'ਤੇ ਦੋ ਪਨਟੂਨ ਪੁਲ ਵੀ ਫੌਜ ਤੋਂ ਬਣਵਾਏ ਗਏ।

ਇਸੇ ਤਰਾਂ ਸੌਦਾ ਸਾਧ ਦੀ ਸਜ਼ਾ ਮੌਕੇ ਹਾਲਾਤ ਕਾਬੂ ਰੱਖਣ ਲਈ ਪੁਲਿਸ ਲਗਾਈ ਗਈ ਪਰ ਜਦੋਂ ਹਿੰਸਾ ਭੜਕੀ ਅਤੇ ਡੇਰੇ ਅੰਦਰ ਦਾਖਿਲ ਹੋਣ ਦਾ ਸਮਾਂ ਆਇਆ ਤਾਂ ਫੌਜ ਨੂੰ ਬੁਲਾਇਆ ਗਿਆ। ਕੇਂਦਰ ਸਰਕਾਰ ਹੱਥ ਬਹੁਤ ਸਾਰੇ ਸਰੋਤ ਹਨ ਪਰ ਉਹਨਾਂ ਨੂੰ ਅਣਡਿੱਠਾ ਕਰਕੇ ਫੌਜ ਨੂੰ ਹੀ ਹਰ ਥਾਂ 'ਤੇ ਤਾਇਨਾਤ ਕਰ ਦਿੱਤਾ ਜਾਂਦਾ ਹੈ। ਇਸਦਾ ਕੀ ਮਤਲਬ ਕੱਢਿਆ ਜਾਵੇ ? ਕੀ ਫੌਜ ਤੋਂ ਇਲਾਵਾ ਕਿਸੇ ਹੋਰ ਸੰਗਠਨ ਵਿੱਚ ਇੰਨੀ ਕਾਬਲੀਅਤ ਨਹੀਂ ? 

ਜਾਂ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਇੱਕ ਤਾਂ ਫੌਜ ਦਾ ਸੂਬਾ ਸਰਕਾਰ ਨੂੰ ਕੋਈ ਖਰਚਾ ਨਹੀਂ ਦੇਣਾ ਪੈਂਦਾ ਅਤੇ ਦੂਸਰਾ ਫੌਜੀ ਜਵਾਨ ਦਿੱਤੀ ਗਈ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਕੀ ਇਹ ਸਮਝਿਆ ਜਾਵੇ ਕਿ ਸਿਰਫ ਫੌਜ ਹੀ ਇੱਕ ਕਾਬਿਲ ਸੰਗਠਨ ਹੈ ਅਤੇ ਦੇਸ਼ ਹਿਤ ਲਈ ਹਰ ਚੁਣੌਤੀ ਦਾ ਸਾਹਮਣਾ ਖਿੜੇ ਮੱਥੇ ਕਰਨ ਵਾਲੀ ਫੌਜ ਦਾ ਲਾਹਾ ਲਿਆ ਜਾ ਰਿਹਾ ਹੈ। ਜਾਂ ਫਿਰ ਸਰਕਾਰ ਕਿਰਦਾਰ ਤੋਂ ਨਿਚਲੇ ਦਰਜੇ ਦੇ ਕੰਮ ਕਰਵਾ ਕੇ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਫੌਜੀ ਜਵਾਨਾਂ ਦੀ ਛਵੀ ਖਰਾਬ ਕਰਨਾ ਚਾਹੁੰਦੀ ਹੈ। 

ਜਿਹੜੀ ਸੂਬਾ ਸਰਕਾਰ ਸੈਲਾਨੀਆਂ ਤੋਂ ਪੈਸੇ ਕਮਾਉਂਦੀ ਹੈ, ਸਫਾਈ ਰੱਖਣ ਦੀ ਜਿੰਮੇਵਾਰ ਵੀ ਉਹੀ ਹੈ। ਸੈਰ ਸਪਾਟਾ ਉਦਯੋਗ ਅਧੀਨ ਕਮਾਏ ਪੈਸਿਆਂ ਵਿੱਚੋਂ ਸੂਬਾ ਸਰਕਾਰ ਸਾਂਭ ਸੰਭਾਲ ਲਈ ਵੀ ਖਰਚਾ ਕਰੇ। ਫੌਜ ਦੀ ਇੱਕ ਖ਼ਾਸ ਭੂਮਿਕਾ ਅਤੇ ਖ਼ਾਸ ਕਾਰਜ ਹੁੰਦੇ ਹਨ। ਫੌਜ ਹੁੰਦੀ ਹੈ ਦੇਸ਼ ਦੀ ਰੱਖਿਆ ਲਈ। ਫੌਜੀ ਜਵਾਨਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ ਦੇਸ਼ ਵਿਰੋਧੀ ਤਾਕਤਾਂ ਅਤੇ ਸੁਰੱਖਿਆ ਲਈ ਖਤਰਾ ਬਣੇ ਤੱਤਾਂ ਨੂੰ ਖਤਮ ਕਰਨ ਦੀ ਜਿਸ ਲਈ ਉਹ ਆਪਣੀਆਂ ਜਾਨਾਂ ਵੀ ਕੁਰਬਾਨ ਕਰਦੇ ਹਨ। 

ਫੌਜੀ ਜਵਾਨ ਇਸ ਲਈ ਸਖਤ ਟ੍ਰੇਨਿੰਗ ਨਹੀਂ ਕਰਦੇ ਕਿ ਉਹ ਲਾਪਰਵਾਹ ਸੈਲਾਨੀਆਂ ਦੇ ਫੈਲਾਏ ਕੂੜੇ ਨੂੰ ਚੁੱਕਣ ਜਿਸਨੂੰ ਫੈਲਣ ਤੋਂ ਰੋਕਣ ਅਤੇ ਸਹੀ ਤਰੀਕੇ ਠਿਕਾਣੇ ਲਗਾਉਣ ਵਿੱਚ ਸੂਬਾ ਸਰਕਾਰ ਨਾਲਾਇਕ ਸਾਬਿਤ ਹੋਈ ਹੋਵੇ। ਫੌਜੀ ਉਸ ਵੇਲੇ ਪੁਲ ਬਣਾਉਂਦੇ ਹਨ ਜਦੋਂ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੋਵੇ ਨਾ ਕਿ ਕਿਸੇ ਦੇ ਸਮਾਗਮਾਂ ਲਈ। ਉਹਨਾਂ ਕੋਲ ਟ੍ਰੇਨਿੰਗ ਹੁੰਦੀ ਹੈ ਵਿਗੜੇ ਹਾਲਾਤਾਂ ਨੂੰ ਕਾਬੂ ਕਰਨ ਦੀ ਜਦੋਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ ਨਾ ਕਿ ਡੇਰਿਆਂ ਦੀ ਚੌਂਕੀਦਾਰੀ ਦੀ। ਫੌਜੀ ਜਵਾਨ ਦੇਸ਼ ਲਈ ਬਿਪਤਾ ਪੈਣ 'ਤੇ ਲੋਕਾਂ ਦੀ ਸਹਾਇਤਾ ਕਰਨ ਲਈ ਟਰੇਂਡ ਹੁੰਦੇ ਹਨ ਨਾ ਕਿ ਦਰੀਆਂ ਮੈਟ ਵਿਛਾਉਣ ਲਈ।