ਦੇਸ਼ ਦਾ ਦੂਜਾ ਸਭ ਤੋਂ ਵੱਡਾ ਪੇਮੈਂਟ ਬੈਂਕ ਹੋਵੇਗਾ 'ਇੰਡੀਆ ਪੋਸਟ ਪੇਮੈਂਟ ਬੈਂਕ'

ਨਵੀਂ ਦਿੱਲੀ : ਭਾਰਤੀ ਡਾਕ ਵਿਭਾਗ ਦਾ ਇੰਡੀਆ ਪੋਸਟ ਪੇਮੈਂਟ ਬੈਂਕਦੇਸ਼ ਦੇ ਸਾਰੇ 1. 55 ਲੱਖ ਡਾਕ ਘਰਾਂ ‘ਤੇ ਭੁਗਤਾਨ ਬੈਂਕ ਦੀ ਸਹੂਲਤ ਦੇਵੇਗਾ ਅਤੇ ਵਿੱਤੀ ਸੇਵਾਵਾਂ ਦੀ ਪੇਸ਼ਕਸ਼ ਕਰੇਗਾ। ਜਾਣਕਾਰੀ ਅਨੁਸਾਰ ਇਹ ਬੈਂਕ ਇੱਕ ਵਿਅਕਤੀ ਜਾਂ ਇੱਕ ਕਾਰੋਬਾਰੀ ਇਕਾਈ ਤੋਂ ਸਿਰਫ ਇੱਕ ਲੱਖ ਰੁਪਏ ਤੱਕ ਦੀ ਜਮਾਂ ਰਾਸ਼ੀ ਸਵੀਕਾਰ ਕਰ ਸਕਦਾ ਹੈ। 

ਇਹ ਬੈਂਕ ਛੋਟੀ ਰਾਸ਼ੀ ਨੂੰ ਹੀ ਜਮਾਂ ਕਰੇਗਾ ਅਤੇ ਉਸਨੂੰ ਟ੍ਰਾਂਸਫਰ ਵੀ ਕਰੇਗਾ। ਇਹ ਬੈਂਕ ਇੰਟਰਨੈੱਟ ਸੇਵਾਵਾਂ ਅਤੇ ਕਈ ਹੋਰ ਵਿਸ਼ੇਸ਼ ਸੇਵਾਵਾਂ ਵੀ ਦੇ ਸਕਦਾ ਹੈ। ਸਾਲ 2018 ਦੇ ਅਖੀਰ ਤੱਕ ਇਸਦੇ ਸਾਰੇ ਤਿੰਨ ਲੱਖ ਕਰਮਚਾਰੀ ਇਹ ਸੇਵਾ ਦੇਣ ਲੱਗਣਗੇ। ਜਿਸ ਤੋਂ ਬਾਅਦ ਪਹੁੰਚ ਦੇ ਮਾਮਲੇ ‘ਚ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਭੁਗਤਾਨ ਬੈਂਕ ਹੋਵੇਗਾ। 

ਵਿੱਤੀ ਸਮਾਵੇਸ਼ਨ ‘ਤੇ ਸੰਯੁਕਤ ਰਾਸ਼ਟਰ ਸੰਘ ਦੇ ਇੱਕ ਸਮਾਰੋਹ ‘ਚ ਆਈਪੀਪੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਏ . ਪੀ . ਸਿੰਘ ਨੇ ਕਿਹਾ ਕਿ ਮਾਰਚ 2018 ਤੱਕ ਸਾਡਾ ਪੋਸਟ ਬੈਂਕ ਦੇਸ਼ ਦੇ ਹਰ ਇੱਕ ਜਿਲ੍ਹੇ ਵਿੱਚ ਸ਼ੁਰੂ ਹੋਵੇਗਾ ਅਤੇ ਸਾਲ 2018 ਦੇ ਖਤਮ ਹੋਣ ਤੋਂ ਪਹਿਲਾ ਦੇਸ਼ ਦੇ ਸਾਰੇ 1.55 ਲੱਖ ਡਾਕਖ਼ਾਨੇ, ਸਾਰੇ ਡਾਕੀਏ ਅਤੇ ਪੇਂਡੂ ਡਾਕ ਸੇਵਕਾਂ ਦੇ ਕੋਲ ਇਸ ਸੇਵਾ ਦੀ ਸਹੂਲਤ ਮੌਜੂਦ ਹੋਵੇਗੀ।

 ਇਸ ਸਾਲ ਜਨਵਰੀ ਦੀ ਸ਼ੁਰੁਆਤ ਵਿੱਚ ਨਿੱਜੀ ਖੇਤਰ ਦੀ ਕੰਪਨੀ ਭਾਰਤੀ ਏਅਰਟੇਲ ਨੇ ਏਅਰਟੇਲ ਪੇਮੈਂਟ ਬੈਂਕ ਦਾ ਓਪਰੇਸ਼ਨ ਸ਼ੁਰੂ ਕੀਤਾ ਸੀ। ਇਸਦੀ ਪਹੁੰਚ ਦੇਸ਼ ਭਰ ਦੇ 2.5 ਲੱਖ ਦੁਕਾਨਦਾਰਾਂ ਤੱਕ ਹੈ।