ਡੀ.ਐਸ.ਪੀ. ਦੀ ਮੌਤ ਦਾ ਮਾਮਲਾ - ਪੁਲਿਸ ਤੇ ਐਕਸ਼ਨ ਕਮੇਟੀ 'ਚ ਸਮਝੌਤੇ ਤੋਂ ਬਾਅਦ ਵਿਵਾਦ ਸਮਾਪਤ

ਖਾਸ ਖ਼ਬਰਾਂ

ਫ਼ਰੀਦਕੋਟ, 2 ਫਰਵਰੀ (ਬੀ.ਐੱਸ.ਢਿੱਲੋਂ) : ਜੈਤੋ ਵਿਖੇ ਤਿੰਨ ਵਿਦਿਆਰਥੀਆਂ ਨੂੰ ਗ਼ੈਰਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਉਨ੍ਹਾਂ ਦੀ ਕੁੱਟਮਾਰ ਤੋਂ ਬਾਅਦ ਪੈਦਾ ਹੋਇਆ ਵਿਵਾਦ ਅੱਜ ਇਥੇ ਸੁਲਝ ਗਿਆ।  ਜੈਤੋ ਦੇ ਤਤਕਾਲੀ ਐੱਸ.ਐੱਚ.ਓ ਵਲੋਂ ਵਿਦਿਆਰਥੀਆਂ ਦੀ ਕੁੱਟਮਾਰ ਤੋਂ ਬਾਅਦ ਪੈਦਾ ਹੋਏ ਵਿਵਾਦ ਵਿੱਚ ਜੈਤੋ ਦੇ ਡੀ.ਐੱਸ.ਪੀ. ਬਲਜਿੰਦਰ ਸਿੰਘ ਸੰਧੂ ਨੇ ਖ਼ੁਦ ਨੂੰ ਗੋਲੀ ਮਾਰ ਲਈ ਅਤੇ ਇਸੇ ਗੋਲੀ ਨਾਲ ਉਸ ਦੇ ਗੰਨਮੈਨ ਲਾਲ ਸਿੰਘ ਦੀ ਵੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਕਾਹਲੀ ਨਾਲ ਅਣਪਛਾਤੇ ਵਿਅਕਤੀਆਂ ਵਿਰੁਧ ਖ਼ੁਦਕੁਸ਼ੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਸੀ ਅਤੇ ਮੌਕੇ ਤੋਂ ਗ੍ਰਿਫ਼ਤਾਰ ਚਾਰ ਵਿਦਿਆਰਥੀਆਂ ਵਿਰੁਧ 107/151 ਸੀ.ਆਰ.ਪੀ.ਸੀ ਤਹਿਤ ਕਾਰਵਾਈ ਕੀਤੀ ਸੀ। ਹਾਲਾਂਕਿ ਜਨਤਕ ਜਥੇਬੰਦੀਆਂ ਦੇ ਦਬਾਅ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿਤਾ ਸੀ ਅਤੇ ਡੀ.ਜੀ.ਪੀ. ਦੀ ਫੇਰੀ ਮਗਰੋਂ ਜੈਤੋ ਦੇ ਵਿਵਾਦਤ ਐੱਸ.ਐੱਚ.ਓ ਗੁਰਮੀਤ ਸਿੰਘ ਨੂੰ ਲਾਈਨ ਹਾਜਰ ਕਰ ਦਿਤਾ ਸੀ।  ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਪੀ.ਐੱਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਮਨਜੀਤ ਸਿੰਘ ਧਨੇਰ, ਸਰਮੁੱਖ ਸਿੰਘ, ਗੁਰਪਾਲ ਸਿੰਘ ਨੰਗਲ, ਸ਼ਿਵਚਰਨ ਅਰਾਈਆਂ ਵਾਲਾ, ਅਮਰ ਨਾਥ, ਗਗਨ ਅਜ਼ਾਦ, ਸੂਰਜ ਭਾਨ, ਸੁਖਵਿੰਦਰ ਸੁੱਖੀ ਅਤੇ  ਸਿਕੰਦਰ ਸਿੰਘ ਅਜਿੱਤਗਿੱਲ ਨੇ ਕਿਹਾ ਕਿ ਪੁਲੀਸ ਨੇ ਸਮੁੱਚੇ ਮਾਮਲੇ ਨੂੰ ਸੁਲਝਾਉਣ

 ਦੀ ਪਹਿਲ ਕੀਤੀ ਸੀ ਅਤੇ ਇਹ ਮਾਮਲਾ ਐਕਸ਼ਨ ਕਮੇਟੀ ਵਲੋਂ ਵਿਚਾਰਿਆ ਗਿਆ ਸੀ। ਕਮੇਟੀ ਦੇ ਆਗੂਆਂ ਨੇ ਦਸਿਆ ਕਿ ਪੁਲਿਸ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਕਸੂਰਵਾਰ ਐਸ.ਐੱਚ.ਓ ਨੇ ਬਿਨਾਂ ਸ਼ਰਤ ਜਨਤਕ ਮੁਆਫ਼ੀ ਮੰਗਣ ਦੀ ਹਾਮੀ ਭਰੀ ਹੈ ਅਤੇ ਇਸ ਤੋਂ ਇਲਾਵਾ ਪ੍ਰਸਾਸ਼ਨ ਨੇ ਜ਼ਖ਼ਮੀ ਵਿਦਿਆਰਥੀਆਂ ਦੇ ਮੁਫ਼ਤ ਇਲਾਜ ਦੀ ਜ਼ਿੰਮੇਵਾਰੀ ਲਈ ਹੈ ਅਤੇ ਨਾਲ ਹੀ ਘਟਨਾ ਵਾਲੇ ਦਿਨ ਨੁਕਸਾਨੇ ਗਏ ਵਾਹਨਾਂ ਨੂੰ ਠੀਕ ਕਰਵਾ ਕੇ ਦੇਣ ਦਾ ਵਾਅਦਾ ਕੀਤਾ ਹੈ ਅਤੇ ਦਰਜ ਮੁਕੱਦਮਿਆਂ ਨੂੰ ਵੀ ਰੱਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੋਹਾਂ ਧਿਰਾਂ ਦਰਮਿਆਨ ਸਮਝੌਤੇ ਤੋਂ ਬਾਅਦ ਸਮੁੱਚਾ ਵਿਵਾਦ ਸਮਾਪਤ ਹੋ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਇਸ ਘਟਨਾ ਸਬੰਧੀ ਕਿਸੇ ਵੀ ਧਿਰ ਵਿਰੁਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ।