ਡਿਗਰੀ ਲੈਣ ਵਾਲੀ ਵਰਦੀ ਪਾ ਕੇ ਵਿਦਿਆਰਥੀਆਂ ਨੇ ਵੇਚੇ ਪਕੌੜੇ, ਮੋਦੀ ਦੇ ਬਿਆਨ ਦਾ ਕੀਤਾ ਵਿਰੋਧ

ਖਾਸ ਖ਼ਬਰਾਂ

ਬੈਂਗਲੁਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਂਗਲੁਰੂ ਵਿੱਚ ਹੋਣ ਵਾਲੀ ਰੈਲੀ ਦੇ ਸਥਾਨ ਤੋਂ ਕੁੱਝ ਹੀ ਮੀਟਰ ਦੀ ਦੂਰੀ 'ਤੇ ਕਾਲਜ ਦੇ ਕੁਝ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਪਕੌੜੇ ਵੇਚ ਕੇ ਰੋਸ ਜ਼ਾਹਿਰ ਕੀਤਾ। ਹਾਲਾਂਕਿ ਰੈਲੀ ਤੋਂ ਕੁਝ ਘੰਟੇ ਪਹਿਲਾਂ ਹੀ ਪੁਲਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਉੱਥੋਂ ਖਦੇੜ ਦਿੱਤਾ ਸੀ।


 

ਰੋਜ਼ਗਾਰ ਸਿਰਜਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਪਕੌੜਿਆਂ ਸਬੰਧੀ ਬਿਆਨ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਉਨ੍ਹਾਂ ਦੇ ਰੈਲੀ ਸਥਾਨ ਦੇ ਨਜ਼ਦੀਕ ਪਕੌੜੇ ਵੇਚ ਕੇ ਆਪਣਾ ਰੋਸ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਪੈਲੇਸ ਗਰਾਊਂਡ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ। 



ਇਸ ਗਰਾਊਂਡ ਦੇ ਕੋਲ ਸਥਿਤ ਮਹਿਕਰੀ ਸਰਕਿਲ ਦੇ ਕੋਲ ਵਿਦਿਆਰਥੀ ਆਏ ਅਤੇ ਪਕੌੜੇ ਵੇਚਣ ਲੱਗੇ ਅਤੇ ਉਨ੍ਹਾਂ ਨੇ ਨੌਕਰੀ ਸਿਰਜਣ ਸਬੰਧੀ ਪੀਐੱਮ ਮੋਦੀ ਦੇ ਬਿਆਨ ਦਾ ਇਸ ਅਨੋਖੋ ਤਰੀਕੇ ਨਾਲ ਵਿਰੋਧ ਕੀਤਾ। ਦੱਸ ਦੇਈਏ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨੂੰ ਇੱਕ ਸਮਾਚਾਰ ਚੈਨਲ ਨੇ ਇੰਟਰਵਿਊ ਦੌਰਾਨ ਉਨ੍ਹਾਂ ਨੂੰ ਢੁੱਕਵੀਂ ਨੌਕਰੀ ਸਿਰਜਣ ਦੇ ਬਾਰੇ ਵਿੱਚ ਸਵਾਲ ਪੁੱਛਿਆ ਗਿਆ ਸੀ।


 

ਜਿਸ 'ਤੇ ਪੀਐੱਮ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਚੈਨਲ ਦੇ ਸਟੂਡਿਓ ਦੇ ਬਾਹਰ ਜੇਕਰ ਕੋਈ ਪਕੌੜੇ ਵੇਚ ਕੇ ਨਿੱਤ 200 ਰੁਪਏ ਕਮਾਉਂਦਾ ਹੈ, ਤਾਂ ਉਸ ਨੂੰ ਵੀ ਨੌਕਰੀ ਦੇ ਤੌਰ 'ਤੇ ਮੰਨਿਆ ਜਾਣਾ ਚਾਹੀਦਾ ਹੈ। ਇਸ ਦੇ ਹੀ ਵਿਰੋਧ ਵਿੱਚ ਵਿਦਿਆਰਥੀਆਂ ਨੇ ਐਤਵਾਰ ਨੂੰ ਬੰਗਲੁਰੂ ਵਿਚ ਆਉਣ-ਜਾਣ ਵਾਲਿਆਂ ਅਤੇ ਰੈਲੀ ਵਿੱਚ ਜਾ ਰਹੇ ਲੋਕਾਂ ਨੂੰ ਮੋਦੀ ਪਕੌੜਾ ਅਤੇ ਅਮਿਤ ਸ਼ਾਹ ਪਕੌੜਾ ਦੇ ਨਾਂਅ 'ਤੇ ਪਕੌੜੇ ਵੇਚੇ। ਬਾਅਦ ਵਿੱਚ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।