ਡੀਜਲ ਦੀ ਕੀਮਤ 'ਚ ਵੱਡੀ ਉਛਾਲ, ਆਮ ਜਨਤਾ 'ਤੇ ਪਏਗਾ ਬੋਝ

ਨਵੀਂ ਦਿੱਲੀ: ਮੋਦੀ ਸਰਕਾਰ 'ਚ ਕਈ ਅਹਿਮ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿਚੋਂ ਇੱਕ ਫੈਸਲਾ ਡੀਜਲ - ਪੈਟਰੋਲ ਦੀ ਰੋਜਾਨਾ ਸਮੀਖਿਅਕ ਦਾ ਵੀ ਹੈ। ਇਸ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸਤੋਂ ਆਮ ਜਨਤਾ ਨੂੰ ਕਾਫ਼ੀ ਫਾਇਦਾ ਹੋਵੇਗਾ ਪਰ ਇਸ ਸਮੇਂ ਜੋ ਤਸਵੀਰ ਹੈ ਉਹ ਕੁੱਝ ਹੋਰ ਹੀ ਹਾਲ ਬਿਆਨ ਕਰ ਰਹੀ ਹੈ।

ਡੀਜ਼ਲ ਦੀ ਕੀਮਤ ਰਾਜਧਾਨੀ ਦਿੱਲੀ 'ਚ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਦੂਜੇ ਸ਼ਹਿਰਾਂ 'ਚ ਵੀ ਇਸ ਦੀ ਕੀਮਤ ਰਿਕਾਰਡ ਪੱਧਰ 'ਤੇ ਹੈ। ਅਮਰੀਕਾ 'ਚ ਤੂਫਾਨ ਦੇ ਮੱਦੇਨਜ਼ਰ ਲੰਮੇ ਸਮੇਂ ਤੱਕ ਰਿਫਾਇਨਰੀਜ਼ ਬੰਦ ਹੋਣ ਕਾਰਨ ਡੀਜ਼ਲ ਦੀ ਮੰਗ ਕੌਮਾਂਤਰੀ ਬਾਜ਼ਾਰ 'ਚ ਵਧੀ ਹੈ, ਜਿਸ ਦਾ ਅਸਰ ਘਰੇਲੂ ਕੀਮਤਾਂ 'ਤੇ ਪਿਆ ਹੈ। ਪਹਿਲਾਂ ਡੀਜ਼ਲ ਦੇ ਮੁੱਲ 'ਚ ਕਮੀ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ। 

ਡੀਜ਼ਲ ਮਹਿੰਗਾ ਹੋਣ ਨਾਲ ਜਿੱਥੇ ਡੀਜ਼ਲ ਗੱਡੀਆਂ ਦਾ ਖਰਚਾ ਵਧੇਗਾ ਉੱਥੇ ਹੀ ਇਸ ਨਾਲ ਜਰਨੇਟਰ ਦਾ ਇਸਤੇਮਾਲ ਕਰਨ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਦਾ ਵੀ ਖਰਚ ਵਧੇਗਾ। ਡੀਜ਼ਲ ਮਹਿੰਗਾ ਹੋਣ ਨਾਲ ਯਾਤਰੀ ਵਾਹਨਾਂ ਦੇ ਕਿਰਾਏ 'ਚ ਵਾਧਾ ਹੋ ਸਕਦਾ ਹੈ, ਜਿਸ ਦਾ ਸਿੱਧਾ ਅਸਰ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਦੀ ਜੇਬ 'ਤੇ ਕਿਤੇ ਜ਼ਿਆਦਾ ਪਵੇਗਾ। ਉੱਥੇ ਹੀ, ਟਰਾਂਸਪੋਰੇਸ਼ਨ ਮਹਿੰਗਾ ਹੋਣ ਦਾ ਅਸਰ ਖਾਣ-ਪੀਣ ਦੀਆਂ ਚੀਜ਼ਾਂ 'ਤੇ ਵੀ ਪਵੇਗਾ।

ਦਿੱਲੀ 'ਚ ਜੁਲਾਈ ਤੋਂ ਬਾਅਦ ਪੈਟਰੋਲ ਦੀ ਕੀਮਤ 'ਚ 7.74 ਰੁਪਏ ਅਤੇ ਡੀਜ਼ਲ 'ਚ 5.74 ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਸੇ ਤਰ੍ਹਾਂ ਪੰਜਾਬ 'ਚ ਪੈਟਰੋਲ 1 ਜੁਲਾਈ ਤੋਂ ਬਾਅਦ 7.95 ਰੁਪਏ ਅਤੇ ਡੀਜ਼ਲ 5.64 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਤੇਲ ਕੀਮਤਾਂ 'ਚ ਵੱਡੀ ਤੇਜ਼ੀ ਤੋਂ ਬਾਅਦ ਸਰਕਾਰ ਦੀ ਆਲੋਚਨਾ ਹੋਈ ਸੀ। ਉਦੋਂ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਲਦ ਹੀ ਕੀਮਤਾਂ 'ਚ ਕਮੀ ਆਉਣ ਦੀ ਉਮੀਦ ਹੈ। 

ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਜ਼ਿਆਦਾ ਨਹੀਂ ਆਈ ਹੈ। ਸਰਕਾਰ ਦਾ ਤਰਕ ਹੈ ਕਿ ਅਮਰੀਕਾ 'ਚ ਲੰਮੇ ਸਮੇਂ ਤੱਕ ਰਿਫਾਇਨਰੀਜ਼ ਬੰਦ ਹੋਣ ਅਤੇ ਡੀਜ਼ਲ ਦੀ ਮੰਗ ਵਧਣ ਨਾਲ ਕੱਚੇ ਤੇਲ ਦੀ ਕੀਮਤ ਵਧੀ ਹੈ। ਸਤੰਬਰ ਮਹੀਨੇ 'ਚ 1 ਤੋਂ 25 ਤਰੀਕ ਵਿਚਕਾਰ ਇਸ ਦੀ ਕੀਮਤ 12 ਫੀਸਦੀ ਵੱਧ ਕੇ 59 ਡਾਲਰ (3871 ਰੁਪਏ) ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ। ਹਾਲਾਂਕਿ ਸੋਮਵਾਰ ਨੂੰ ਕੱਚੇ ਤੇਲ ਦਾ ਮੁੱਲ 56 ਡਾਲਰ ਪ੍ਰਤੀ ਬੈਰਲ ਚੱਲ ਰਿਹਾ ਸੀ। 

ਭਾਰਤ 'ਚ ਕੌਮਾਂਤਰੀ ਬਾਜ਼ਾਰ ਮੁਤਾਬਕ ਤੇਲ ਕੀਮਤਾਂ 'ਚ ਬਦਲਾਅ ਹੁੰਦਾ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਵੀ ਬਹੁਤ ਜ਼ਿਆਦਾ ਹੈ। ਪੈਟਰੋਲ ਦੀ ਪਰਚੂਨ ਕੀਮਤ 'ਤੇ ਦਿੱਲੀ 'ਚ ਟੈਕਸ 52 ਫੀਸਦੀ ਅਤੇ ਡੀਜ਼ਲ 'ਤੇ 45 ਫੀਸਦੀ ਹੈ।