ਚੰਡੀਗਡ਼੍ਹ : ਸਾਲ 2018 'ਚ 'ਗਣਤੰਤਰ ਦਿਵਸ' ਸਮਾਰੋਹ 'ਤੇ ਦਿੱਲੀ ਦੇ ਰਾਜਪਥ 'ਤੇ ਇਸ ਵਾਰ ਚੰਡੀਗਡ਼੍ਹ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਚੰਡੀਗਡ਼੍ਹ ਪ੍ਰਸ਼ਾਸਨ ਦੀ ਥੀਮ ਨੂੰ ਸਲੈਕਸ਼ਨ ਕਮੇਟੀ ਨੇ ਰੱਦ ਕਰ ਦਿੱਤਾ ਹੈ। ਇਸ ਲਈ ਬੁੱਧਵਾਰ ਨੂੰ ਦਿੱਲੀ 'ਚ ਹੋਣ ਵਾਲੀ ਮੀਟਿੰਗ 'ਚ ਸਿਰਫ ਉਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸੂਬਿਆਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਦੀ ਥੀਮ ਪਰੇਡ ਲਈ ਫਾਈਨਲ ਹੋ ਚੁੱਕੀ ਹੈ। ਚੰਡੀਗਡ਼੍ਹ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਗਈ ਹੈ।
ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਗਣਤੰਤਰ ਦਿਵਸ ਪਰੇਡ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੱਖ-ਵੱਖ ਥੀਮਾਂ 'ਤੇ ਪ੍ਰਸਤਾਵ ਮੰਗੇ ਜਾਂਦੇ ਹਨ। ਜੋ ਥੀਮ ਫਾਈਨਲ ਹੁੰਦੀ ਹੈ, ਉਸ ਦੇ ਆਧਾਰ 'ਤੇ ਹੀ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਦਿੱਲੀ 'ਚ ਝਾਕੀ ਬਣਾਈ ਜਾਂਦੀ ਹੈ। ਚੰਡੀਗਡ਼੍ਹ ਪ੍ਰਸ਼ਾਸਨ ਨੇ ਇਸ ਵਾਰ 'ਇੰਟਰਨੈਸ਼ਨਲ ਡੋਲ ਮਿਊਜ਼ੀਅਮ' ਦੀ ਥੀਮ 'ਤੇ ਆਪਣਾ ਪ੍ਰਸਤਾਵ ਝਾਕੀ ਲਈ ਭੇਜਿਆ ਸੀ।
ਸੈਕਟਰ-23 ਸਥਿਤ ਬਾਲ ਭਵਨ 'ਚ ਇੰਟਰਨੈਸ਼ਨਲ ਡੋਲ ਮਿਊਜ਼ੀਅਮ ਬਣਾਇਆ ਗਿਆ ਹੈ। ਇਸ ਮਿਊਜ਼ੀਅਮ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਵੱਖ-ਵੱਖ ਦੇਸ਼ਾਂ ਦੀ ਡੋਲ ਨੂੰ ਇਕ ਹੀ ਛੱਤ ਹੇਠ ਇਕੱਠੇ ਕੀਤਾ ਗਿਆ ਹੈ। ਇਸ ਅਨੋਖੇਪਨ ਨੂੰ ਧਿਆਨ 'ਚ ਰੱਖਦੇ ਹੋਏ ਚੰਡੀਗਡ਼੍ਹ ਪ੍ਰਸ਼ਾਸਨ ਨੇ ਝਾਕੀ ਦੀ ਥੀਮ ਇਸ਼ ਵਾਰ ਡੋਲ ਮਿਊਜ਼ੀਅਮ ਹੀ ਰੱਖਿਆ ਸੀ, ਪਰ ਸਲੈਕਸ਼ਨ ਕਮੇਟੀ ਨੂੰ ਚੰਡੀਗਡ਼੍ਹ ਦੀ ਥੀਮ ਪਸੰਦ ਨਹੀਂ ਆਈ।