ਨਵੀਂ ਦਿੱਲੀ, 3 ਫ਼ਰਵਰੀ (ਸੁਖਰਾਜ ਸਿੰਘ): ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਦਿਸ਼ਾ ਦੀ ਸਹੀ ਜਾਣਕਾਰੀ ਦੇਣ ਲਈ ਰਾਜਧਾਨੀ ਦਿੱਲੀ ਵਿਖੇ ਅੰਗਰੇਜ਼ੀ, ਹਿੰਦੀ, ਪੰਜਾਬੀ ਤੇ ਉਰਦੂ ਦੇ ਮਾਰਗ-ਦਰਸ਼ਕ ਬੋਰਡ ਥਾਂ-ਥਾਂ 'ਤੇ ਲਾਏ ਹੋਏ ਹਨ। ਇਨ੍ਹਾਂ ਨੂੰ ਲਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਲੋਕਾਂ ਪ੍ਰੇਸ਼ਾਨ ਨਾ ਹੋਣ। ਇਸੇ ਲਈ ਇਹ ਬੋਰਡ ਚਾਰ ਭਾਸ਼ਾਵਾਂ ਵਿਚ ਲਾਏ ਗਏ ਹਨ। ਪੰਜਾਬੀ ਹੈਲਪ ਲਾਈਨ ਨੇ ਵੇਖਿਆ ਕਿ ਦਖਣੀ ਦਿੱਲੀ ਦੇ ਕਈ ਇਲਾਕਿਆਂ ਵਿਚ ਪੰਜਾਬੀ ਭਾਸ਼ਾ ਵਿਚ ਲਿਖੇ ਹੋਏ 'ਮਾਰਗ-ਦਰਸ਼ਕ' ਬੋਰਡ ਗ਼ਲਤ ਲਿਖੇ ਗਏ ਹਨ ਜਿਨ੍ਹਾਂ ਵਿਚ ਕੁਤਬ ਇੰਸਟੀਚਿਊਸ਼ਨਲ ਏਰੀਆ ਨੂੰ ਗ਼ਲਤ ਸ਼ਬਦਾਵਲੀ ਵਿਚ ਲਿਖਿਆ ਹੋਇਆ ਹੈ। ਖ਼ਾਸ ਤੌਰ ਤੇ 'ਸ਼ਬਦ-ਜੋੜਾਂ' ਦੀ ਗ਼ਲਤੀ ਪੰਜਾਬੀ ਭਾਸ਼ਾ ਦੇ ਜਾਣਕਾਰਾਂ ਨੂੰ ਚੁੱਭਦੀ ਹੈ।