ਦੀਵਾਲੀ ਤਿਉਹਾਰ: ਪੁਰਾਤਨ ਰਵਾਇਤਾਂ 'ਤੇ ਭਾਰੂ ਪਿਆ ਚੀਨੀ ਸਮਾਨ

ਖਾਸ ਖ਼ਬਰਾਂ

ਚੰਡੀਗੜ੍ਹ, 14 ਅਕਤੂਬਰ (ਸਰਬਜੀਤ ਢਿੱਲੋਂ) : ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਘਰਾਂ ਨੂੰ ਸਜਾਉਣ ਲਈ ਚੀਨ ਦੀਆਂ ਬਣੀਆਂ ਰੰਗ-ਬਿਰੰਗੀਆਂ ਲਾਈਟਾਂ ਅਤੇ ਪਟਾਕੇ ਸਸਤੇ ਹੋਣ ਕਾਰਨ ਚੰਡੀਗੜ੍ਹ ਵਾਸੀਆਂ ਦੀ ਪਹਿਲੀ ਪਸੰਦ ਬਣਦੇ ਜਾ ਰੇ ਹਨ ਜਦਕਿ ਦੇਸ਼ ਵਿਚ ਬਣੀ ਤੇ ਮਹਿੰਗੀ ਆਤਿਸਬਾਜ਼ੀ ਅਤੇ ਹੋਰ ਦੇਸ਼ੀ ਤੇ ਬਰਾਂਡਿਡ ਪਟਾਕੇ ਤੇ ਲਾਈਟਿੰਗ ਦਾ ਸਮਾਨ ਜੀ.ਐਸ.ਟੀ. ਦੇ ਘੇਰੇ ਵਿਚ ਆਉਣ ਨਾਲ ਦੁਕਾਨਦਾਰਾਂ ਦਾ ਧੰਦਾ ਇਸ ਵਾਰ ਪਹਿਲਾਂ ਨਾਲੋਂ ਕਾਫ਼ੀ ਚੌਪਟ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਸ਼ਹਿਰ ਵਾਸੀ ਮਹਿੰਗਾਈ ਦੇ ਦੌਰ ਵਿਚ ਸਸਤੀਆਂ ਅਤੇ ਚਕਾ ਚੌਂਧ ਰੌਸ਼ਨੀਆਂ ਵਾਲੀਆਂ ਲੜੀਆਂ ਨੂੰ ਖ਼ਰੀਦਣਾ ਬਿਹਤਰ ਸਮਝਦੇ ਹਨ।
ਚੰਡੀਗੜ੍ਹ ਸੈਕਟਰ-18 ਦੀ ਇਲੈਕਟ੍ਰਾਨਿਕ ਮਾਰਕੀਟ ਵਿਚ ਕਈ ਸਾਲਾਂ ਤੋਂ ਦੀਵਾਲੀ ਮੌਕੇ ਰੰਗਦਾਰ ਲੜੀਆਂ ਤੇ ਹੋਰ ਸਮਾਨ ਵੇਚਦੇ ਪ੍ਰਭਜੋਤ ਸਿੰਘ ਨੇ ਕਿਹਾ ਕਿ ਐਤਕੀ ਕੇਂਦਰ ਸਰਕਾਰ ਵਲੋਂ ਲਾਏ ਗਏ ਬੇਲੋੜੇ ਟੈਕਸ ਨਾਲ ਗਾਹਕਾਂ ਨੂੰ ਦੇਸ਼ ਵਿਚ ਬਣਿਆ ਸਮਾਨ ਪਹਿਲਾਂ ਵਾਂਗ ਕੁੱਝ ਮਹਿੰਗਾ ਤੇ ਓਪਰਾ ਲੱਗਣ ਲੱਗ ਪਿਆ ਹੈ। ਇਸ ਲਈ ਚੀਨੀ ਪਟਾਕੇ ਤੇ ਲੜੀਆਂ ਜੋ ਟੈਕਸ ਤੋਂ ਮੁਕਤ ਹੀ ਬਾਜ਼ਾਰ 'ਚ ਧੜਾਧੜ ਵਿਕ ਰਹੀਆਂ ਹਨ ਅਤੇ ਲੋਕ ਘਰਾਂ ਵਿਚ ਦੇਸ਼ੀ ਦੀਵੇ ਜਗਾਉਣੇ ਭੁੱਲ ਗਏ ਹਨ।