ਸੈਂਚੁਰੀਅਨ : ਹੈਨਰਿਕਸ ਕਲਾਸੇਨ ਦੇ ਤੂਫਾਨੀ ਅਤੇ ਕਪਤਾਨ ਜੇ. ਪੀ. ਡੁਮਿਨੀ ਦੇ ਹੌਸਲੇ ਨਾਲ ਬਣਾਏ ਅਰਧ-ਸੈਂਕੜੇ ਨਾਲ ਦੱਖਣੀ ਅਫਰੀਕਾ ਨੇ ਟਵੰਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ।
ਭਾਰਤ ਦੀਆਂ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਕਲਾਸੇਨ ਦੀਆਂ 30 ਗੇਂਦਾਂ ਵਿਚ 7 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ 69 ਦੌੜਾਂ ਦੀ ਪਾਰੀ ਤੋਂ ਇਲਾਵਾ ਡੁਮਿਨੀ (ਅਜੇਤੂ 64) ਦੇ ਨਾਲ ਉਸ ਦੀ ਤੀਸਰੀ ਵਿਕਟ ਦੀ 93 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਨਾਲ 8 ਗੇਂਦਾਂ ਬਾਕੀ ਰਹਿੰਦੇ 4 ਵਿਕਟਾਂ 'ਤੇ 189 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਡੁਮਿਨੀ ਨੇ 40 ਗੇਂਦਾਂ ਦੀ ਆਪਣੀ ਪਾਰੀ ਵਿਚ 4 ਚੌਕੇ ਅਤੇ 3 ਛੱਕੇ ਜੜੇ। ਫਰਹਾਨ ਬੇਹਾਰਡੀਅਨ 16 ਦੌੜਾਂ ਬਣਾ ਕੇ ਅਜੇਤੂ ਰਿਹਾ। ਭਾਰਤ ਵੱਲੋਂ ਯੁਜਵਿੰਦਰ ਚਹਿਲ ਕਾਫੀ ਮਹਿੰਗਾ ਸਾਬਿਤ ਹੋਇਆ। ਉਸ ਨੇ ਸਿਰਫ 4 ਓਵਰਾਂ ਵਿਚ 64 ਦੌੜਾਂ ਦਿੱਤੀਆਂ, ਜਦਕਿ ਉਸ ਨੂੰ ਕੋਈ ਵਿਕਟ ਨਹੀਂ ਮਿਲੀ।
ਇਸ ਤੋਂ ਪਹਿਲਾਂ ਭਾਰਤ ਨੇ ਮਨੀਸ਼ ਪਾਂਡੇ (ਅਜੇਤੂ 79) ਅਤੇ ਮਹਿੰਦਰ ਸਿੰਘ ਧੋਨੀ (ਅਜੇਤੂ 52) ਦੇ ਤੇਜ਼ਤਰਾਰ ਅਰਧ-ਸੈਂਕੜਿਆਂ ਅਤੇ ਦੋਵਾਂ ਵਿਚਾਲੇ 9.2 ਓਵਰਾਂ ਵਿਚ 5ਵੇਂ ਵਿਕਟ ਦੀ 98 ਦੌੜਾਂ ਦੀ ਸਾਂਝੇਦਾਰੀ ਨਾਲ 4 ਵਿਕਟਾਂ 'ਤੇ 188 ਦੌੜਾਂ ਬਣਾਈਆਂ।