ਦੁਕਾਨ 'ਚੋਂ ਲੁੱਟੇ ਸਾਢੇ ਦਸ ਲੱਖ ਰੁਪਏ

ਰਈਆਂ, 15 ਮਾਰਚ (ਰਣਜੀਤ ਸਿੰਘ ਸੰਧੂ): ਸਥਾਨਕ ਕਸਬੇ ਅੰਦਰ ਕੁੱਝ ਹਥਿਆਰਬੰਦ ਲੁਟੇਰਿਆਂ ਵਲੋਂ ਅੱਜ ਦਿਨ ਦਿਹਾੜੇ ਕਾਰਵਾਈ ਕਰਦਿਆਂ ਇਕ ਮਨੀਚੇਂਜਰ ਦੇ ਦਫ਼ਤਰ ਵਿਚੋਂ ਲੱਖਾਂ ਦੀ ਨਕਦੀ ਅਤੇ ਹੋਰ ਸਮਾਨ ਲੁੱਟ ਲੈਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਰਈਆਂ ਕਸਬੇ ਵਿਚ ਜੀਟੀ ਰੋਡ 'ਤੇ ਸਥਿਤ ਕੰਗ ਟ੍ਰੇਡਿੰਗ ਕੰਪਨੀ ਦੇ ਦਫ਼ਤਰ ਵਿਚ ਦਿਨੇ ਕਰੀਬ 2 ਵਜੇ ਵਾਪਰੀ ਜਿਸ ਵਿਚ ਚਾਰ ਨਕਾਬਪੋਸ਼ ਲੁਟੇਰੇ ਦੁਕਾਨ ਅੰਦਰ ਦਾਖ਼ਲ ਹੋਏ ਜਿਨ੍ਹਾਂ ਵਿਚ 3 ਸਰਦਾਰ ਅਤੇ ਇਕ ਮੋਨਾ ਵਿਅਕਤੀ ਸੀ। ਦੁਕਾਨ ਦਾ ਮਾਲਕ ਗੁਰਦਿਆਲ ਸਿੰਘ ਕੰਗ ਜੋ ਦੁਕਾਨ ਅੰਦਰ ਮੌਜੂਦ ਨਹੀਂ ਸੀ। ਘਟਨਾ ਮੌਕੇ ਅੰਦਰ ਮੌਜੂਦ ਸੁਖਦੀਪ ਸਿੰਘ ਜੋ ਦੁਕਾਨ ਤੇ ਹੈਲਪਰ ਵਜੋਂ ਕੰਮ ਕਰਦਾ ਹੈ ਘਟਨਾ ਮੌਕੇ ਉਹ ਦੁਕਾਨ ਵਿਚ ਇਕੱਲਾ ਹੀ ਸੀ। ਉਸ ਨੇ ਦਸਿਆ ਕਿ ਲੁਟੇਰੇ ਜਿਨ੍ਹਾਂ ਕੋਲ ਰੀਵਾਲਵਰ ਸਨ ਉਨ੍ਹਾਂ ਵਿਚੋਂ ਦੋ ਲੁਟੇਰੇ ਦੁਕਾਨ ਦੇ ਦਰਵਾਜ਼ੇ ਕੋਲ ਖੜੇ ਹੋ ਗਏ ਅਤੇ ਬਾਕੀ ਦੋਵਾਂ ਨੇ ਗੋਲੀ ਮਾਰਨ ਦਾ ਡਰਾਵਾ ਦੇ ਕੇ ਮੇਰੇ ਕੋਲੋਂ ਜਿਨ੍ਹਾਂ ਵੀ ਕੈਸ਼ ਸੀ ਸਾਰਾ ਅਪਣੇ ਕਬਜ਼ੇ ਵਿਚ ਕਰ ਲਿਆ ਅਤੇ ਦੁਕਾਨ ਵਿਚ ਪਿਆ ਹੋਇਆ ਇਕ ਲੈਪਟਾਪ ਅਤੇ ਪੰਜ ਮੋਬਾਈਲ ਫ਼ੋਨ ਵੀ ਨਾਲ ਲੈ ਕੇ ਜਾਂਦੇ ਹੋਏ ਮੇਰੇ ਮੂੰਹ ਉਪਰ ਟੇਪ ਲਗਾ ਕੇ ਤੇ ਮੈਨੂੰ ਧਮਕੀ ਦਿੰਦੇ ਹੋਏ ਬਾਹਰ ਖੜੇ ਦੋ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਨਹਿਰ ਵਾਲੀ ਸਾਈਡ ਨੂੰ ਫ਼ਰਾਰ ਹੋ ਗਏ। ਮੈਂ ਉਨ੍ਹਾਂ ਦੇ ਬਾਹਰ 

ਨਿਕਲਦਿਆਂ ਹੀ ਬਾਹਰ ਆ ਕੇ ਰੌਲਾ ਪਾਇਆ ਤਾਂ ਆਸ-ਪਾਸ ਦੇ ਦੁਕਾਨਦਾਰਾਂ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ।ਦੁਕਾਨ ਦੇ ਮਾਲਕ ਗੁਰਦਿਆਲ ਸਿੰਘ ਨੇ ਬਾਅਦ ਵਿਚ ਹਿਸਾਬ ਕਰ ਕੇ ਦਸਿਆ ਕਿ ਲੁਟੇਰਿਆਂ ਵਲੋਂ ਲੁੱਟਿਆ ਗਿਆ ਕੈਸ਼ ਕਰੀਬ 10 ਲੱਖ ਪੰਜਾਹ ਹਜ਼ਾਰ ਰੁਪਏ ਸੀ ਜਿਸ ਵਿਚ ਕੁੱਝ ਵਿਦੇਸ਼ੀ ਕਰੰਸੀ ਅਤੇ ਬਾਕੀ ਭਾਰਤੀ ਕਰੰਸੀ ਸੀ।  ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਐਸ ਪੀ ਡੀ ਹਰਪਾਲ ਸਿੰਘ, ਡੀ ਐਸ ਪੀ ਬਾਬਾ ਬਕਾਲਾ ਲਖਵਿੰਦਰ ਸਿੰਘ ਮੱਲ, ਕਿਰਨਦੀਪ ਸਿੰਘ ਸੰਧੂ ਐਸ.ਐਚ.ਓ ਬਿਆਸ ਅਮਨਦੀਪ ਸਿੰਘ ਐਸ ਐਚ ਓ ਮਹਿਤਾ, ਰਣਧੀਰ ਸਿੰਘ ਐਸ ਐਚ ਓ ਖਿਲਚੀਆਂ ਅਤੇ ਆਗਿਆਪਾਲ ਸਿੰਘ ਚੌਕੀ ਇੰਚਾਰਜ ਰਈਆ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਮੌਕੇ ਦਾ ਜਾਇਜਾ ਲੈਂਦੇ ਹੋਏ ਆਸ ਪਾਸ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਕਵਰੇਜ ਚੈੱਕ ਕਰ ਕੇ ਲੁਟੇਰਿਆਂ ਦੀਆਂ ਤਸਵੀਰਾਂ ਦੀ ਘੋਖ ਕੀਤੀ ਗਈ।ਕੈਪਸ਼ਨ-ਘਟਨਾਂ ਸਥਾਨ ਤੇ ਲੁੱਟ ਦੀ ਵਾਰਦਾਤ ਸਬੰਧੀ ਛਾਣਬੀਣ ਕਰਦੇ ਹੋਏ ਡੀ ਐਸ ਪੀ ਲਖਵਿੰਦਰ ਸਿੰਘ ਮੱਲ ਅਤੇ ਹੋਰ ਪੁਲਿਸ ਅਧਿਕਾਰੀ।