ਗੈਂਗਸਟਰ ਬਨਾਉਣ ਪਿੱਛੇ ਅਕਾਲੀ ਆਗੂਆਂ ਦਾ ਹੱਥ : ਰਵੀ ਦਿਓਲ

ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਦੇ ਐਨਕਾਊਂਟਰ ਤੋਂ ਬਾਅਦ ਸੰਗਰੂਰ ਦੀ ਅਦਾਲਤ 'ਚ ਸਰੈਂਡਰ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਨੇ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਨੌਜਵਾਨਾਂ ਨੂੰ ਗੈਂਗਸਟਰ ਬਨਾਉਣ 'ਚ ਸੀਨੀਅਰ ਅਕਾਲੀ ਨੇਤਾ ਦੇ ਰਿਸ਼ਤੇਦਾਰ ਤੇ ਉਸ ਦੇ ਇਕ ਸਾਥੀ ਦਾ ਹੱਥ ਹੈ।

ਰਵੀ ਦਿਓਲ ਨੇ ਇਨ੍ਹਾਂ 'ਤੇ ਕਤਲ ਕਰਵਾਉਣ, ਲੜਕੀਆਂ ਸਪਲਾਈ ਕਰਨ ਸਮੇਤ ਕਈ ਹੋਰ ਗੰਭੀਰ ਦੋਸ਼ ਵੀ ਲਗਾਏ ਹਨ। ਜਾਣਕਾਰੀ ਮੁਤਾਬਕ ਸੰਗਰੂਰ ਕੋਰਟ 'ਚ ਪੇਸ਼ ਹੋਣ ਆਏ ਗੈਂਗਸਟਰ ਰਵੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਗੈਂਗਸਟਰ ਨਹੀਂ ਹੈ, ਸਗੋਂ ਉਸ ਕੋਲੋਂ ਇਹ ਸਭ ਕੁਝ ਕਰਵਾਉਣ ਲਈ ਰਾਜਨੀਤਿਕ ਆਗੂ ਜ਼ਿੰਮੇਵਾਰ ਹਨ।

ਜ਼ਿਕਰਯੋਗ ਹੈ ਕਿ ਗੈਂਗਸਟਰ ਰਵੀ ਦਿਓਲ ਦਾ ਪੁਲਿਸ ਦੇ ਨਾਲ ਕਈ ਸਾਲਾਂ ਤੋਂ ਲੁੱਕਾ ਛਿਪੀ ਦਾ ਖੇਡ ਚਲ ਰਿਹਾ ਸੀ। ਛੋਟੇ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਹੋਣ ਤੋਂ ਬਾਅਦ 2006 ਤੋਂ 2008 ਦੇ ਵਿਚ ਰਵੀ ਨੇ ਜ਼ਿਲੇ 'ਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। 

ਉਸ ਤੋਂ ਬਾਅਦ ਹੌਲੀ-ਹੌਲੀ ਉਸ ਦਾ ਨਾਂ ਵੀ ਸੂਬੇ ਦੇ ਹੋਰ ਗੈਂਗਸਟਰਾਂ ਦੀ ਤਰ੍ਹਾਂ ਸਾਹਮਣੇ ਆਉਣ ਲੱਗਾ। 2013 'ਚ ਰਵੀ ਦਿਓਲ ਉਸ ਸਮੇਂ ਵੱਧ ਸੁਰਖੀਆਂ 'ਚ ਆਇਆ, ਜਦ ਫਤਿਹਗੜ੍ਹ ਪੁਲਿਸ ਨੇ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਸ 'ਚ ਉਸ ਦਾ ਨਾਂ ਵੀ ਸ਼ਾਮਲ ਸੀ ਪਰ ਉਹ ਕਦੇ ਵੀ ਪੁਲਿਸ ਦੇ ਹੱਥ ਨਹੀਂ ਆਇਆ ਸੀ।