ਗੈਂਗਸਟਰ ਵਿੱਕੀ ਗੌਂਡਰ ਦਾ ਅਬੋਹਰ ਦੇ ਹਸਪਤਾਲ 'ਚ ਅੱਜ ਹੋਵੇਗਾ ਪੋਸਟਮਾਰਟਮ

ਬੀਤੀ ਦੇਰ ਸ਼ਾਮ ਪੰਜਾਬ-ਰਾਜਸਥਾਨ ਦੇ ਬਾਰਡਰ 'ਤੇ ਮੁਕਾਬਲੇ ਦੌਰਾਨ ਮਾਰੇ ਗਏ ਨਾਮੀ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਸੁਖਪ੍ਰੀਤ ਦਾ ਪੋਸਟਮਾਰਟਮ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਡੀ.ਜੀ.ਪੀ ਸੁਰੇਸ਼ ਅਰੋੜਾ ਵੀ ਘਟਨਾ ਵਾਲੀ ਥਾਂ 'ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲੈਣਗੇ।

ਦੱਸ ਦਈਏ ਕੀ ਪੰਜਾਬ ਦੇ ਮੋਸਟ ਵਾਂਟਿਡ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਦਾ ਪ੍ਰੇਮਾ ਲਾਹੌਰੀਆ ਸਮੇਤ ਸ਼ੁੱਕਰਵਾਰ ਨੂੰ ਐਨਕਾਊਂਟਰ ਕਰ ਦਿੱਤਾ ਗਿਆ। ਵਿੱਕੀ ਗੌਂਡਰ ਦਾ ਨਾਂ ਪੰਜਾਬ ਦੇ ਗੈਂਗਸਟਰਾਂ ਦੀ ਸੂਚੀ 'ਚ ਸਭ ਤੋਂ ਉੱਪਰ ਸੀ। ਵਿੱਕੀ ਗੌਂਡਰ ਲੋਕਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ 'ਤੇ ਭੰਗੜਾ ਪਾਉਂਦਾ ਹੁੰਦਾ ਸੀ। ਉਹ ਇਕ ਸ਼ਾਰਪ ਸ਼ੂਟਰ ਸੀ। 

ਜ਼ਿਕਰਯੋਗ ਹੈ ਕਿ 21 ਜਨਵਰੀ, 2015 ਨੂੰ ਵਿੱਕੀ ਗੌਂਡਰ ਨੇ ਪੁਲਿਸ ਹਿਰਾਸਤ 'ਚ ਹੀ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਉਸ ਦੀ ਲਾਸ਼ 'ਤੇ ਭੰਗੜਾ ਵੀ ਪਾਇਆ ਸੀ। ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਵੱਡੀਆਂ ਗੈਂਗਵਾਰਾਂ 'ਚ ਵਿੱਕੀ ਗੌਂਡਰ ਦਾ ਨਾਂ ਪੁਲਿਸ ਰਿਕਾਰਡ 'ਚ ਚੜ੍ਹਦਾ ਗਿਆ।

ਸੁੱਖਾ ਕਾਹਲਵਾਂ ਕਤਲ ਮਾਮਲੇ 'ਚ ਵਿੱਕੀ ਗੌਂਡਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਸ ਤੋਂ ਬਾਅਦ 27 ਨਵੰਬਰ, 2016 ਨੂੰ ਉਹ ਨਾਭਾ ਜੇਲ 'ਚੋਂ ਫਰਾਰ ਹੋ ਗਿਆ। ਉਸ ਦੇ ਨਾਲ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਵੀ ਫਰਾਰ ਹੋ ਗਿਆ ਸੀ ਪਰ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਵਿੱਕੀ ਗੌਂਡਰ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰ ਪੁਲਿਸ ਦੀਆਂ ਅੱਖਾਂ 'ਚ ਘੱਟਾ ਪਾਉਂਦਾ ਆ ਰਿਹਾ ਸੀ।

ਵਿੱਕੀ ਗੌਂਡਰ ਡਿਸਕਸ ਥ੍ਰੋ 'ਚ ਨੈਸ਼ਨਲ ਖਿਡਾਰੀ ਰਹਿ ਚੁੱਕਾ ਸੀ। ਇਸ ਖੇਡ 'ਚ ਵਿੱਕੀ ਗੌਂਡਰ ਨੇ ਰਾਸ਼ਟਰੀ ਪੱਧਰ 'ਤੇ 3 ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਜਿੱਤੇ ਸਨ। ਆਪਣੇ ਸੂਕਲ ਦੇ ਸਮੇਂ 'ਚ ਵਿੱਕੀ ਦੇ ਕੋਚ ਉਸ 'ਤੇ ਮਾਣ ਮਹਿਸੂਸ ਕਰਦੇ ਸਨ। ਮਿਡਲ ਸਕੂਲ 'ਚ ਪੜ੍ਹਦੇ ਹੋਏ ਉਸ ਸਟੇਟ ਪੱਧਰ ਖੇਡਿਆ। 

ਉਸ ਤੋਂ ਬਾਅਦ ਪੜ੍ਹਾਈ ਅਤੇ ਟ੍ਰੇਨਿੰਗ ਲਈ ਵਿੱਕੀ ਨੇ ਸਪੀਡ ਐਂਡ ਫੰਡ ਅਕਾਦਮੀ ਜੁਆਇਨ ਕਰ ਲਈ ਸੀ। ਵਿੱਕੀ ਗੌਂਡਰ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਸੁਰਖੀਆਂ 'ਚ ਆਇਆ ਸੀ ਪਰ ਬੀਤੇ ਦਿਨ ਪੁਲਸ ਐਨਕਾਊਂਟਰ ਤੋਂ ਬਾਅਦ ਵਿੱਕੀ ਗੌਂਡਰ ਦੀ ਅੱਤ ਦਾ ਹਮੇਸ਼ਾ ਲਈ ਅੰਤ ਹੋ ਗਿਆ।