ਪੁਲਿਸ ਨਾਲ ਮੁੱਠਭੇੜ ਦੌਰਾਨ ਹਲਾਕ ਹੋਏ ਗੈਂਗਸਟਰ ਵਿੱਕੀ ਗੌਂਡਰ ਦਾ ਜੱਦੀ ਪਿੰਡ ਸਰਾਵਾਂ ਬੋਦਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਸਬ ਡਵੀਜ਼ਨ ਵਿਚ ਪੈਂਦਾ ਹੈ। ਉਸ ਦੇ ਪਿਤਾ ਮਹਿਲ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਇਸ ਪਿੰਡ ਵਿਚ ਰਹਿੰਦੇ ਹਨ। ਵਿੱਕੀ ਗੌਂਡਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਪੜ੍ਹਾਈ ਦੌਰਾਨ ਹੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਹੋ ਗਿਆ ਅਤੇ ਹੋਰ ਗੈਂਗਸਟਰਾਂ ਦੇ ਸੰਪਰਕ ਵਿਚ ਆਉਣ ਮਗਰੋਂ ਚਰਚਾ ਵਿਚ ਆਇਆ।
ਉਹ ਨਾਭਾ ਜੇਲ੍ਹ ਬਰੇਕ ਤੋਂ ਬਾਅਦ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ ਅਤੇ ਹੋਰ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਸੀ। ਅਪਰਾਧਿਕ ਦੁਨੀਆ ਵਿਚ ਉਸ ਦਾ ਉੱਘਾ ਨਾਂਅ ਸੀ ਅਤੇ ਇਨਾਮੀ ਗੈਂਗਸਟਰ ਵਜੋਂ ਜਾਣਿਆ ਜਾਂਦਾ ਸੀ। ਉਸ ਦੀ ਮੌਤ ਦਾ ਪਤਾ ਲੱਗਣ ਤੇ ਪਿੰਡ ਵਾਸੀ ਵੀ ਖ਼ਾਮੋਸ਼ੀ ਵਿਚ ਹਨ ਅਤੇ ਜ਼ਿਆਦਾਤਰ ਉਸ ਬਾਰੇ ਦੱਸਣ ਤੋਂ ਗੁਰੇਜ਼ ਕਰ ਰਹੇ ਹਨ।
ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇੱਥੇ 8ਵੀਂ ਦੀ ਪੜ੍ਹਾਈ ਮਗਰੋਂ ਜਲੰਧਰ ਪੜ੍ਹਨ ਚਲਾ ਗਿਆ ਅਤੇ ਉਸ ਤੋਂ ਬਾਅਦ ਬੁਰੀ ਸੰਗਤ ਵਿਚ ਪੈਣ ਮਗਰੋਂ ਵਾਪਸ ਨਹੀਂ ਪਰਤਿਆ। ਇਸ ਘਟਨਾ ਦੀ ਇਲਾਕੇ ਵਿਚ ਭਾਰੀ ਚਰਚਾ ਹੈ ਅਤੇ ਪਿੰਡ ਵਿਚ ਪੁਲਿਸ ਵੱਡੀ ਗਿਣਤੀ ਵਿਚ ਪਹੁੰਚੀ ਹੋਈ ਹੈ। ਘਰ ਵਿਚ ਸੱਥਰ ਵਿਛਿਆ ਹੋਇਆ ਹੈ, ਜਿੱਥੇ ਪਿੰਡ ਦੇ ਮਰਦ ਤੇ ਔਰਤਾਂ ਅਫ਼ਸੋਸ ਕਰ ਰਹੇ ਹਨ, ਉੱਥੇ ਮਾਂ ਵਿੱਕੀ ਦਾ ਨਾਂਅ ਲੈ ਕੇ ਉਸ ਦੇ ਆਖ਼ਰੀ ਦਰਸ਼ਨਾਂ ਲਈ ਰੋ-ਰੋ ਕੇ ਬੇਹਾਲ ਹੋ ਰਹੀ ਹੈ।