ਗ਼ੈਰਕਾਨੂੰਨੀ ਮਾਈਨਿੰਗ : 37 ਲੋਕਾਂ 'ਤੇ ਕੇਸ ਅਤੇ 27 ਗ੍ਰਿਫ਼ਤਾਰੀਆਂ, ਵੱਡੀਆਂ ਮੱਛੀਆਂ ਹਾਲੇ ਵੀ ਬਾਹਰ

ਜਲੰਧਰ : ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ 'ਤੇ ਗ਼ੈਰ ਕਾਨੂੰਨੀ ਰੇਤ ਮਾਈਨਿੰਗ 'ਤੇ ਕਾਰਵਾਈ ਜਾਰੀ ਹੈ। ਹੁਣ ਤੱਕ ਇੱਕ ਤੋਂ ਬਾਅਦ ਇੰਕ ਕਾਰਵਾਈ ਹੋ ਰਹੀ ਹੈ ਅਤੇ ਦੋ ਦਿਨ ਵਿਚ ਤਿੰਨ ਜ਼ਿਲ੍ਹਿਆਂ ਵਿਚ 37 ਲੋਕਾਂ 'ਤੇ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 27 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਅਜੇ ਵੱਡੀਆਂ ਮੱਛੀਆਂ 'ਤੇ ਹੱਥ ਨਹੀਂ ਪਾਇਆ ਗਿਆ। 



ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਜ਼ਿਆਦਾਤਰ ਰੇਤ ਲੈਣ ਆਏ ਵਾਹਨਾਂ ਦੇ ਡਰਾਈਵਰ ਹਨ। ਮਾਫ਼ੀਆ ਨਾਲਜੁੜੇ ਕਰਿੰਦਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਵਾਈ ਦਾ ਆਦੇਸ਼ ਮੁੱਖ ਮੰਤਰੀ ਨੇ ਹੈਲੀਕਾਪਟਰ ਰਾਹੀਂ ਜਾਂਦੇ ਸਮੇਂ ਨਵਾਂ ਸ਼ਹਿਰ ਜ਼ਿਲ੍ਹੇ ਵਿਚ ਗ਼ੈਰ ਕਾਨੂੰਨੀ ਮਾਈਨਿੰਗ ਹੁੰਦੀ ਦੇਖਣ ਤੋਂ ਬਾਅਦ ਦਿੱਤਾ ਸੀ।



ਨਵਾਂ ਸ਼ਹਿਰ ਵਿਚ ਮਲਕਪੁਰ ਖਾਣ ਵਿਚ ਗ਼ੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਬੁੱਧਵਾਰ ਤੜਕੇ ਤਿੰਨ ਵਜੇ ਕੀਤੀ ਗਈ ਐੱਫਆਈਆਰ ਵਿਚ ਸਾਰਿਆਂ 'ਤੇ ਚੋਰੀ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। 20 ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਨੇ ਐੱਫਆਈਆਰ ਵਿਚ ਲਿਖਿਆ ਹੈ ਕਿ ਸਤਲੁਜ ਨਦੀ ਵਿਚ ਗ਼ੈਰਕਾਨੂੰਨੀ ਰੂਪ ਨਾਲ ਮਸ਼ੀਨਾਂ ਨਾਲ ਖ਼ੁਦਾਈ ਕੀਤੀ ਜਾ ਰਹੀ ਸੀ। ਤੈਅ ਹਿੱਸੇ ਤੋਂ ਅੱਗੇ ਮਾਈਨਿੰਗ ਹੋ ਰਹੀ ਸੀ। 



ਫੜੇ ਗਏ ਟਿੱਪਰ ਓਵਰਲੋਡਿਡ ਮਿਲੇ। ਮੌਕੇ 'ਤੇ ਫੜੀਆਂ ਗਈਆਂ ਵੈਟ ਦੀਆਂ ਸਲਿੱਪਾਂ ਅਤੇ ਉਨ੍ਹਾਂ 'ਤੇ ਲੱਗੀ ਮਾਈਨਿੰਗ ਵਿਭਾਗ ਦੀ ਮੋਹਰ ਨਕਲੀ ਸੀ। ਮਲਕਪੁਰ ਖਾਣ ਨੂੰ ਮਾਈਨਿੰਗ ਵਿਭਾਗ ਨੇ ਪਿਛਲੇ ਦਿਨੀਂ ਬੰਦ ਕਰਕੇ ਵੈਟ ਸਲਿੱਪ ਬੰਦ ਕਰ ਦਿੱਤੀ ਸੀ ਪਰ ਜਾਅਲੀ ਵੈਟ ਸਲਿੱਪ ਦੇ ਆਧਾਰ 'ਤੇ ਮਾਈਨਿੰਗ ਦਾ ਕੰਮ ਜਾਰੀ ਸੀ।