ਗ਼ਰੀਬੀ ਦੇ ਬਾਵਜੂਦ ਤਰਸੇਮ ਚੰਦ ਨੇ ਪੰਜਾਬ ਸਿਵਲ ਸਰਵਿਸ ਵਿਚ ਕੀਤਾ ਟਾਪ

ਖਾਸ ਖ਼ਬਰਾਂ

ਦੋਧਾ/ਸ੍ਰੀ ਮੁਕਤਸਰ ਸਾਹਿਬ, 14 ਮਾਰਚ (ਰਣਜੀਤ ਸਿੰਘ, ਲਖ ਵੀਰ ਬਿਸੂ): ਜੇਕਰ ਮਨੁੱਖ ਦਾ ਇਰਾਦਾ ਪੱਕਾ ਅਤੇ ਦ੍ਰਿੜ ਨਿਸ਼ਚਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ ਅਤੇ ਨਾ ਹੀ ਕੋਈ ਵੀ ਮੁਸ਼ਕਲ ਉਸ ਦਾ ਰਸਤਾ ਰੋਕ ਸਕਦੀ ਹੈ। ਅਜਿਹਾ ਹੀ ਸਾਬਤ ਕੀਤਾ ਪਿੰਡ ਭਾਗਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤਰਸੇਮ ਚੰਦ ਨੇ ਗ਼ਰੀਬੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਅਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੰਜਾਬ ਸਿਵਲ ਸਰਵਿਸ ਵਿਚ ਟਾਪ ਕਰ ਕੇ ਅਪਣੇ ਇਰਾਦੇ ਨੂੰ ਸੱਚ ਕਰ ਵਿਖਾਇਆ।  ਇਸ ਸਬੰਧੀ ਸਾਡੇ ਪੱਤਰਕਾਰ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਤਰਸੇਮ ਚੰਦ ਨੇ ਦਸਿਆ ਕਿ ਸ਼ੁਰੂ ਵਿਚ ਉਸ ਦੇ ਪਿਤਾ ਖੱਚਰ ਰੇਹੜਾ ਚਲਾਉਂਦੇ ਸਨ ਜਿਸ ਨਾਲ ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚਲਦਾ ਸੀ ਜਿਸ ਕਾਰਨ ਕੋਈ ਵੀ ਪਰਵਾਰਕ ਜੀਅ ਦਸਵੀਂ ਤਕ ਦੀ ਵੀ ਪੜ੍ਹਾਈ ਵੀ ਨਹੀਂ ਕਰ ਸਕਿਆ। ਤਰਸੇਮ ਚੰਦ ਸ਼ੁਰੂ 

ਤੋਂ ਹੀ ਪੜ੍ਹਨਾ ਚਾਹੁੰਦਾ ਸੀ ਅਤੇ ਪੜ੍ਹ ਲਿਖ ਕੇ ਉਹ ਅਪਣਾ ਅਤੇ ਅਪਣੇ ਪਰਵਾਰ ਦਾ ਜੀਵਨ ਸੁਧਾਰਨਾ ਚਾਹੁੰਦਾ ਸੀ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਬੀ ਏ ਕੀਤੀ ਅਤੇ ਫਿਰ ਕਲਰਕ ਦੀ ਨੌਕਰੀ ਕਰ ਲਈ। ਨੌਕਰੀ ਕਰਨ ਤੋਂ ਬਾਅਦ ਪੜ੍ਹਨਾ ਜਾਰੀ ਰੱਖਿਆ।  ਐਮ ਏ ਤੋਂ ਬਾਅਦ ਉਸ ਨੇ ਸ਼ਾਮ ਵਕਤ ਅਪਣੀ ਪੜ੍ਹਾਈ ਕਰ ਕੇ ਵਕਾਲਤ ਦੀ ਡਿਗਰੀ ਹਾਸਲ ਕੀਤੀ। ਇਸ ਦੇ ਨਾਲ ਹੀ ਪੰਜਾਬ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਦੀ ਤਿਆਰੀ 'ਚ ਜੁੱਟ ਗਿਆ ਅਤੇ ਆਖ਼ਰਕਾਰ ਮਿਹਨਤ ਰੰਗ ਲਿਆਈ। ਤਰਸੇਮ ਚੰਦ ਨੇ ਪੀ ਸੀ ਐਸ ਦੀ ਪ੍ਰੀਖਿਆ ਪਾਸ ਹੀਂ ਨਹੀ ਕੀਤੀ ਸਗੋਂ ਪ੍ਰੀਖਿਆ ਵਿਚ ਟਾਪ ਵੀ ਕੀਤਾ। ਤਰਸੇਮ ਚੰਦ ਦੀ ਮਿਹਨਤ ਨੇ ਉਸ ਨੂੰ ਬਾਬੂ ਤੋਂ ਅਧਿਕਾਰੀ ਬਣਾ ਦਿਤਾ ਅਤੇ ਇਸ ਸਮਂੇ ਅਪਣੀ ਪਤਨੀ ਸ਼ਕੁੰਤਲਾ ਅਤੇ ਬੇਟੀਆਂ ਪਾਰੁਲ ਅਤੇ ਚਹਿਕ ਨਾਲ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਹੁਣ ਉਨ੍ਹਾਂ ਦੇ ਪਰਵਾਰ ਵਿਚ ਹੀ ਨਹੀਂ ਸਗੋਂ ਉਸ ਦੇ ਰਿਸ਼ਤੇਦਾਰਾਂ ਅਤੇ ਸੱਜਣਾਂ ਮਿੱਤਰਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਹੈ।