ਗੱਤਾ ਫ਼ੈਕਟਰੀ ਨੂੰ ਲੱਗੀ ਅੱਗ, ਕਰੋੜਾਂ ਦਾ ਸਮਾਨ ਸੜਿਆ

ਬਠਿੰਡਾ, 20 ਅਕਤੂਬਰ (ਦੀਪਕ ਸ਼ਰਮਾ): ਦੀਵਾਲੀ ਦੀ ਰਾਤ ਸਥਾਨਕ ਮਾਨਸਾ ਰੋਡ 'ਤੇ ਸਥਿਤ ਗੱਤਾ ਫ਼ੈਕਟਰੀ ਨੂੰ  ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਥਾਣਾ ਕੋਟਫੱਤਾ ਦੀ ਪੁਲੀਸ ਮੌਕੇ ਉਪਰ ਪਹੁੰਚ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿ 15 ਦੇ ਕਰੀਬ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 10 ਜੇ.ਸੀ.ਬੀ. ਮਸ਼ੀਨਾਂ ਨੂੰ ਅੱਗ ਬੁਝਾਉਣ ਲਈ ਲਾਇਆ ਗਿਆ। ਪਰ ਫੈਕਟਰੀ ਵਿਚ ਗੱਤਾ ਪਿਆ ਹੋਣ ਕਾਰਨ ਅੱਗ ਉਪਰ ਕਈ ਘੰਟਿਆਂ ਤੋਂ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ।
ਅੱਗ ਲੱਗਣ ਕਾਰਨ ਫ਼ੈਕਟਰੀ ਮਾਲਕ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਮੁਢਲੇ ਤੌਰ 'ਤੇ ਅੱਗ ਲੱਗਣ ਦਾ ਕਾਰਨ  ਬਿਜਲੀ ਦੀਆਂ ਤਾਰਾਂ ਵਿਚ ਹੋਇਆ ਸ਼ਾਰਟ ਸਰਕਟ ਹੋਇਆ ਦਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਥਾਨਕ ਮਾਨਸਾ 'ਤੇ ਗਰੋਥ ਸੈਂਟਰ ਵਿਚ ਸਥਿਤ ਅਗਰਵਾਲ ਪ੍ਰਾਈਵੇਟ ਲਿਮਟਿਡ ਪੇਪਰ ਮਿੱਲ ਵਿਚ ਰਾਤੀ 10 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। 

ਵੇਖਦਿਆਂ-ਵੇਖਦਿਆਂ ਅੱਗ ਨੇ ਪੂਰੀ ਫ਼ੈਕਟਰੀ ਨੂੰ ਅਪਣੀ ਲਪੇਟ ਵਿਚ ਲੈ ਲਿਆ, ਅੱਗ ਦਾ ਰੂਪ ਇਨ੍ਹਾਂ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤਕ ਵਿਖਾਈ ਦੇ ਰਹੀਆਂ ਸਨ। ਅੱਗ ਲੱਗਣ ਦਾ ਪਤਾ ਚੱਲਦਿਆਂ ਹੀ ਫ਼ੈਕਟਰੀ ਦੇ ਸਕਿਉਰਟੀ ਗਾਰਡ ਨੇ ਫ਼ੈਕਟਰੀ ਮਾਲਕ ਅਤੇ ਫ਼ਾਇਰ ਬਿਗ੍ਰੇਡ ਨੂੰ ਸੂਚਨਾ ਦਿਤੀ। ਸੂਚਨਾਂ ਮਿਲਦਿਆਂ ਹੀ ਸਥਾਨਕ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਮੌਕੇ ਉਪਰ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਪਰ ਅੱਗ ਦੀ ਭਿਆਨਕਤਾ ਨੂੰ ਵੇਖਦੇ ਹੋਏ ਦੂਸਰੇ ਸ਼ਹਿਰਾਂ ਵਿਚੋਂ ਵੀ ਫ²ਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਇਸ ਤੋਂ ਇਲਾਵਾ ਜੇ.ਸੀ.ਬੀ ਮਸ਼ੀਨਾਂ ਨਾਲ ਵੀ ਅੱਗ ਉਪਰ ਕਾਬੂ ਪਾਉਣ ਦੇ ਯਤਨ ਕੀਤੇ ਗਏ। ਮੌਕੇ ਉਪਰ ਮੌਜੂਦ ਫ਼ੈਕਟਰੀ ਮਾਲਕ ਮਨੀਸ਼ ਅਗਰਵਾਲ ਪੁੱਤਰ ਵਿਜੇ ਕੁਮਾਰ ਵਾਸੀ ਬਠਿੰਡਾ ਨੇ ਦਸਿਆ ਅੱਗ ਲੱਗਣ ਕਾਰਨ ਉਨ੍ਹਾਂ ਦੀ ਫ਼ੈਕਟਰੀ ਵਿਚ ਲੱਗੀਆਂ ਮਸ਼ੀਨਾਂ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਖ਼ਬਰ ਲਿਖੇ ਜਾਣ ਤਕ ਅੱਗ ਬੁਝਾਉਣ ਦਾ ਕੰਮ ਜਾਰੀ ਸੀ।