ਗੁਪਤ ਸਮਝੌਤਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਕੈਪਟਨ

ਚੰਡੀਗੜ੍ਹ, 15 ਨਵੰਬਰ (ਸਸਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤਲੁਜ-ਯਮਨਾ ਲਿੰਕ ਨਹਿਰ ਦੇ ਮੁੱਦੇ 'ਤੇ ਹਰਿਆਣਾ ਨਾਲ ਕੋਈ ਗੁੱਝਾ ਸਮਝੌਤਾ ਕਰਨਾ ਦੀ ਕੋਸ਼ਿਸ਼ ਕਰਨ ਦੇ ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਲਾਏ ਆਧਾਰਹੀਣ ਅਤੇ ਮਨਘੜ੍ਹਤ ਦੋਸ਼ਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਮਸਲਾ ਸੁਪਰੀਮ ਕੋਰਟ ਵਿਚ ਹੈ ਅਤੇ ਐਮ.ਐਲ. ਖੱਟੜ ਸਰਕਾਰ ਨਾਲ ਗੁੱਝੇ ਜਾਂ ਕਿਸੇ ਹੋਰ ਸਮਝੌਤੇ 'ਤੇ ਪਹੁੰਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਦੇ ਦੋਸ਼ਾਂ ਨੂੰ ਮਨਘੜੰਤ ਦਸਦੇ ਹੋਏ ਕਿਹਾ ਕਿ ਇਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਨੇ ਐਸ.ਵਾਈ.ਐਲ. ਵਰਗੇ ਨਾਜ਼ੁਕ ਮੁੱਦੇ 'ਤੇ ਚੰਦੂਮਾਜਰਾ ਨੂੰ ਗ਼ੈਰਜ਼ਰੂਰੀ ਬਿਆਨ ਜਾਰੀ ਕਰਨ ਵਿਰੁਧ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਸਣੇ ਕਿਸੇ ਵੀ ਮੁੱਦੇ 'ਤੇ ਸੂਬੇ ਦੀ ਸ਼ਾਂਤੀ ਅਤੇ ਸਥਿਰਤਾ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਮੁੱਦਾ ਸੁਪਰੀਮ ਕੋਰਟ ਵਿਚ ਹੈ ਅਤੇ ਕੇਂਦਰ ਸਰਕਾਰ ਇਸ ਮੁੱਦੇ ਦੇ ਗੱਲਬਾਤ ਰਾਹੀਂ ਹੱਲ ਲਈ ਸੁਵਿਧਾ ਪ੍ਰਦਾਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਹੀ ਅਪਣੇ ਵਿੱਤੀ ਅਤੇ ਸਿਆਸੀ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਗੁੱਝੇ ਸਮਝੌਤੇ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਰਨ ਲਈ ਨਾ ਤਾਂ ਸਮਾਂ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਪ੍ਰਵਿਰਤੀ ਹੈ।