ਗੁਪਤ ਵੀਡੀਉ ਰਾਹੀਂ ਅਕਾਲੀਆਂ ਨੇ ਟਾਈਟਲਰ ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣ ਦਾ ਕੀਤਾ ਦਾਅਵਾ

ਨਵੀਂ  ਦਿੱਲੀ, 5 ਫ਼ਰਵਰੀ (ਅਮਨਦੀਪ ਸਿੰਘ): ਦਿੱਲੀ ਦੇ ਅਕਾਲੀਆਂ ਨੇ ਅੱਜ  ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਬਾਰੇ ਕੁੱਝ ਗੁਪਤ ਵੀਡੀਉ ਟੁਕੜੇ ਜਾਰੀ ਕਰ ਕੇ, ਇਹ ਦਾਅਵਾ ਕੀਤਾ ਹੈ ਕਿ ਟਾਈਟਲਰ ਨੇ ਗੁਪਤ ਵੀਡੀਉ ਵਿਚ ਅਖੌਤੀ ਤੌਰ 'ਤੇ 84 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣਾ ਮੰਨ ਲਿਆ ਹੈ। ਇਸ ਪਿੱਛੋਂ ਮੁੜ ਸਿਆਸਤ ਗਰਮਾ ਗਈ ਹੈ। ਕੁੱਝ ਚੋਣਵੇਂ ਵੀਡੀਉ ਟੁਕੜੇ ਮੀਡੀਆ ਨੂੰ ਵਿਖਾਏ ਤੇ ਸੁਣਾਏ ਵੀ ਗਏ। ਚੇਤੇ ਰਹੇ ਕਿ ਇਸ ਵੀਡੀਉ ਟੁਕੜੇ ਨੂੰ ਸੁਣਨ 'ਤੇ ਜਾਪਦੈ ਕਿ ਟਾਈਟਲਰ 100 ਸਿੱਖਾਂ ਨੂੰ ਕਤਲ ਕਰਨ ਦਾ ਇਕਬਾਲ ਨਹੀਂ ਕਰਦਾ ਬਲਕਿ ਕਿਸੇ ਗੱਲਬਾਤ ਦਾ ਹਵਾਲਾ ਦੇ ਕੇ, 100 ਸਿੱਖਾਂ ਦੇ ਕਤਲ ਹੋਣ ਦਾ ਜ਼ਿਕਰ ਕਰ ਰਿਹਾ ਹੈ।
ਇਥੋਂ ਦੇ ਕਾਂਸਟੀਚਿਊਸ਼ਨ ਕਲੱਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਅਪਣੇ ਸਾਥੀਆਂ ਸ.ਅਵਤਾਰ ਸਿੰਘ ਹਿਤ, ਸ.ਹਰਮੀਤ ਸਿੰਘ ਕਾਲਕਾ, ਸ.ਪਰਮਜੀਤ ਸਿੰਘ ਰਾਣਾ, ਸ.ਜਸਵਿੰਦਰ ਸਿੰਘ ਜੌਲੀ ਅਤੇ ਮੀਡੀਆ ਸਲਾਹਕਾਰ ਸ.ਪਰਮਿੰਦਰ ਪਾਲ ਸਿੰਘ ਨਾਲ ਪੱਤਰਕਾਰ ਮਿਲਣੀ ਕਰਦਿਆਂ ਕਿਹਾ 8 ਦਸੰਬਰ 2011 ਨੂੰ ਟਾਈਟਲਰ ਬਾਰੇ ਹੋਏ ਇਕ ਸਟਿੰਗ ਦੇ ਕੁੱਝ ਹਿੱਸੇ ਜਾਰੀ ਕਰ ਕੇ, ਦਾਅਵਾ ਕੀਤਾ ਹੈ ਕਿ ਇਸ ਸਟਿੰਗ ਵਿਚ ਟਾਈਟਲਰ ਨੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣ ਦਾ ਇਕਬਾਲ ਕੀਤਾ ਹੈ, ਉਸ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਟਾਈਟਲਰ ਦਾ ਨਾਰਕੋ ਟੈਸਟ ਕਰਵਾਉਣ ਦੀ ਵੀ ਮੰਗ ਕੀਤੀ।